China puts up loudspeakers: ਭਾਰਤ ਅਤੇ ਚੀਨ ਵਿਚਾਲੇ ਲੰਬੇ ਸਮੇਂ ਤੋਂ ਤਣਾਅ ਬਣਿਆ ਹੋਇਆ ਹੈ। ਸਰਹੱਦ ‘ਤੇ ਤਣਾਅ ਦੇ ਵਿਚਕਾਰ ਚੀਨ ਨੇ ਹੁਣ ਇੱਕ ਨਵੀਂ ਚਾਲ ਚੱਲੀ ਹੈ। ਚੀਨ ਨੇ LAC ‘ਤੇ ਫਿੰਗਰ -4 ਇਲਾਕੇ ਵਿੱਚ ਲਾਊਡ ਸਪੀਕਰ ਲਗਾਏ ਹਨ। ਇਨ੍ਹਾਂ ਲਾਊਡ ਸਪੀਕਰਾਂ ‘ਤੇ ਚੀਨ ਪੰਜਾਬੀ ਗਾਣੇ ਵਜਾ ਰਿਹਾ ਹੈ। ਮੰਨਿਆ ਜਾ ਰਿਹਾ ਹੈ ਕਿ ਚੀਨ ਹੁਣ ਲਾਊਡ ਸਪੀਕਰਾਂ ਰਾਹੀਂ ਭਾਰਤੀ ਫੌਜ ‘ਤੇ ਦਬਾਅ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ।
ਨਿਊਜ਼ ਏਜੰਸੀ ਅਨੁਸਾਰ ਚੀਨੀ ਫੌਜ ਨੇ ਫਿੰਗਰ-4 ਖੇਤਰ ਵਿੱਚ ਲਾਊਡ ਸਪੀਕਰ ਲਗਾਏ ਹਨ। ਸੂਤਰਾਂ ਅਨੁਸਾਰ ਜਿੱਥੇ ਚੀਨੀ ਫੌਜ ਨੇ ਲਾਊਡ ਸਪੀਕਰ ਲਗਾਏ ਹਨ, ਉਹ ਇਲਾਕਾ 24×7 ਭਾਰਤੀ ਫੌਜ ਦੀ ਲਗਾਤਾਰ ਨਿਗਰਾਨੀ ਵਿੱਚ ਹੈ। ਉੱਥੇ ਹੀ ਹੁਣ ਇਹ ਸੰਭਵ ਹੈ ਕਿ ਚੀਨ ਸਾਡੀ ਫੌਜ ਨੂੰ ਭਟਕਾਉਣ ਜਾਂ ਦਬਾਅ ਬਣਾਉਣ ਲਈ ਅਜਿਹੀ ਹਰਕਤ ਕਰ ਰਿਹਾ ਹੈ। ਦਰਅਸਲ, ਇੱਥੇ ਭਾਰਤ ਵੱਲੋਂ ਤਾਇਨਾਤ ਫੌਜਾਂ ਵਿੱਚ ਸਿੱਖ ਵੀ ਸ਼ਾਮਿਲ ਹਨ। ਕਿਹਾ ਜਾ ਰਿਹਾ ਹੈ ਕਿ ਚੀਨੀ ਫੌਜ ਮਾਨਸਿਕ ਦਬਾਅ ਬਣਾਉਣ ਦੇ ਤਹਿਤ ਇਸ ਤਰ੍ਹਾਂ ਦੇ ਗਾਣੇ ਵਜਾ ਰਹੀ ਹੈ ।
ਦੱਸ ਦੇਈਏ ਕਿ ਫਿੰਗਰ-4 ਦਾ ਇਲਾਕਾ ਅਜਿਹਾ ਇਲਾਕਾ ਹੈ ਜਿੱਥੇ ਭਾਰਤ ਅਤੇ ਚੀਨ ਦੀਆਂ ਫੌਜਾਂ ਵਿਚਾਲੇ ਟਕਰਾਅ ਦੇ ਹਾਲਾਤ ਬਣੇ ਹੋਏ ਹਨ। ਕੁਝ ਦਿਨ ਪਹਿਲਾਂ 8 ਸਤੰਬਰ ਨੂੰ ਦੋਵਾਂ ਦੇਸ਼ਾਂ ਦੀਆਂ ਫੌਜਾਂ ਵਿਚਾਲੇ ਇਸ ਇਲਾਕੇ ਵਿੱਚ ਜ਼ਬਰਦਸਤ ਗੋਲੀਬਾਰੀ ਹੋਈ ਸੀ। ਦੋਵਾਂ ਪਾਸਿਆਂ ਦੀ ਫੌਜ ਵੱਲੋਂ 100 ਤੋਂ ਵੱਧ ਰਾਊਂਡ ਫਾਇਰ ਕੀਤੇ ਗਏ ਸਨ । ਪਿਛਲੇ 20 ਦਿਨਾਂ ਵਿਚ ਭਾਰਤ ਅਤੇ ਚੀਨ ਵਿਚ ਪੂਰਬੀ ਲੱਦਾਖ ਵਿੱਚ ਫੌਜ ਵਿਚਾਲੇ ਘੱਟੋ-ਘੱਟ ਤਿੰਨ ਫਾਇਰਿੰਗ ਦੀਆਂ ਘਟਨਾਵਾਂ ਵਾਪਰੀਆਂ ਹਨ।
ਜ਼ਿਕਰਯੋਗ ਹੈ ਕਿ ਭਾਰਤ ਅਤੇ ਚੀਨ ਨੇ ਫੌਜੀ ਅਤੇ ਕੂਟਨੀਤਕ ਪੱਧਰਾਂ ‘ਤੇ ਅਪ੍ਰੈਲ ਅਤੇ ਮਈ ਦੋਵਾਂ ਵਿੱਚ ਗੱਲਬਾਤ ਦੇ ਕਈ ਦੌਰ ਕੀਤੇ ਹਨ, ਪਰ ਅਜੇ ਤੱਕ ਕੋਈ ਮਹੱਤਵਪੂਰਨ ਨਤੀਜਾ ਨਹੀਂ ਮਿਲਿਆ ਹੈ। ਭਾਰਤ ਤੇ ਚੀਨ ਇਸ ਸਾਲ ਅਪ੍ਰੈਲ-ਮਈ ਤੋਂ ਪੈਨਗੋਂਗ ਝੀਲ ਦੇ ਨਜ਼ਦੀਕ ਕੋਂਗਰੂੰਗ ਨਾਲਾ, ਗੋਗਰਾ ਅਤੇ ਫਿੰਗਰ ਖੇਤਰਾਂ ਵਿੱਚ ਚੀਨੀ ਫੌਜ ਵੱਲੋਂ ਕੀਤੇ ਗਏ ਬਦਲਾਅ ਦੇ ਬਾਅਦ ਗਤਿਰੋਧ ਵਿੱਚ ਲੱਗੇ ਹੋਏ ਹਨ । ਭਾਰਤੀ ਫੌਜ ਨੇ ਹੁਣ ਉਸ ਖੇਤਰ ਵਿੱਚ ਚੀਨੀ ਫੌਜ ਰਾਹੀਂ ਕੋਈ ਹਮਲਾਵਰ ਕਦਮ ਚੁੱਕਣ ਲਈ ਲੱਦਾਖ ਖੇਤਰ ਵਿੱਚ ਆਪਣੀ ਤਿਆਰੀ ਕਈ ਗੁਣਾ ਵਧਾ ਦਿੱਤੀ ਹੈ।