Cm gehlot protest anti farm law : ਖੇਤੀਬਾੜੀ ਕਾਨੂੰਨਾਂ ਵਿਰੁੱਧ ਦਿੱਲੀ ਦੀਆ ਸਰਹੱਦਾਂ ‘ਤੇ ਕਿਸਾਨ ਲਗਾਤਾਰ ਡਟੇ ਹੋਏ ਹਨ। ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 39 ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਕੇਂਦਰ ਦੇ ਤਿੰਨ ਖੇਤੀਬਾੜੀ ਕਾਨੂੰਨਾਂ ਦੇ ਖਿਲਾਫ ਕਿਸਾਨਾਂ ਦੀ ਲਹਿਰ ਕੜਕਦੀ ਸਰਦੀ ਅਤੇ ਮੀਂਹ ਦੇ ਬਾਵਜੂਦ ਵੀ ਜਾਰੀ ਹੈ। ਅੰਦੋਲਨ ਦੇ ਵਿਚਕਾਰ ਕਿਸਾਨ ਜੱਥੇਬੰਦੀਆਂ ਅਤੇ ਸਰਕਾਰ ਦਰਮਿਆਨ ਇੱਕ ਮੀਟਿੰਗ 4 ਜਨਵਰੀ (ਸੋਮਵਾਰ) ਨੂੰ ਹੋਣੀ ਹੈ। ਇਸ ਦੌਰਾਨ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਆਪਣੇ ਸਾਰੇ ਮੰਤਰੀ ਮੰਡਲ ਦੇ ਸਾਥੀਆਂ ਸਮੇਤ ਧਰਨੇ ਦਾ ਐਲਾਨ ਕੀਤਾ ਹੈ।
ਸੀਐਮ ਗਹਿਲੋਤ ਆਪਣੀ ਪੂਰੀ ਕੈਬਨਿਟ ਅਤੇ ਵਿਧਾਇਕਾਂ ਦੇ ਨਾਲ 3 ਜਨਵਰੀ ਨੂੰ ਜੈਪੁਰ ਦੇ ਸ਼ਹੀਦੀ ਸਮਾਰਕ ਵਿੱਚ ਇੱਕ ਧਰਨਾ ਦੇ ਰਹੇ ਹਨ। ਸਚਿਨ ਪਾਇਲਟ ਅਤੇ ਨਾਲ ਹੀ ਸਾਰੇ ਕਾਂਗਰਸੀ ਵਿਧਾਇਕ ਇਸ ਧਰਨੇ ਵਿੱਚ ਸ਼ਾਮਿਲ ਹਨ। ਸਚਿਨ ਪਾਇਲਟ ਧਰਨੇ ਵਾਲੀ ਜਗ੍ਹਾ ‘ਤੇ ਪਹੁੰਚ ਗਏ ਹਨ। ਸੀਐਮ ਗਹਿਲੋਤ ਦਾ ਇਹ ਧਰਨਾ ਸ਼ਾਮ 4 ਵਜੇ ਤੱਕ ਚੱਲੇਗਾ। ਗਹਿਲੋਤ ਸਰਕਾਰ ਦਾ ਸਮਰਥਨ ਕਰਨ ਵਾਲੇ ਸਾਰੇ ਵਿਧਾਇਕਾਂ ਨੂੰ ਵੀ ਬੁਲਾਇਆ ਗਿਆ ਹੈ। ਸੀਐਮ ਗਹਿਲੋਤ ਨੇ ਸਾਰੇ ਵਿਧਾਇਕਾਂ ਅਤੇ ਮੰਤਰੀਆਂ ਨੂੰ ਖੁਦ ਪੱਤਰ ਲਿਖ ਕੇ ਧਰਨੇ ਨੂੰ ਸਫਲ ਬਣਾਉਣ ਲਈ ਇਸ ਵਿੱਚ ਸ਼ਾਮਿਲ ਹੋਣ ਲਈ ਕਿਹਾ ਹੈ।
ਸਾਬਕਾ ਡਿਪਟੀ ਸੀਐਮ ਸਚਿਨ ਪਾਇਲਟ ਨੇ ਵੀ ਲੋਕਾਂ ਨੂੰ ਵੱਡੀ ਗਿਣਤੀ ‘ਚ ਇਸ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ ਸੀ। ਧਰਨੇ ਤੋਂ ਬਾਅਦ ਸੀਐਮ ਗਹਿਲੋਤ ਨੇ ਸਾਰੇ ਮੰਤਰੀ ਵਿਧਾਇਕਾਂ ਨੂੰ ਰਾਤ ਦੇ ਖਾਣੇ ਦਾ ਸੱਦਾ ਵੀ ਦਿੱਤਾ ਹੈ। ਪਾਇਲਟ ਸਮੂਹ ਦੇ ਵਿਧਾਇਕਾਂ ਨੂੰ ਵੀ ਰਾਤ ਦੇ ਖਾਣੇ ਲਈ ਬੁਲਾਇਆ ਗਿਆ ਹੈ। ਰਾਜਸਥਾਨ ਵਿੱਚ ਰਾਜਨੀਤਿਕ ਡਰਾਮੇ ਤੋਂ ਬਾਅਦ, ਇਹ ਪਹਿਲਾ ਮੌਕਾ ਹੈ ਜਦੋਂ ਸੀਐਮ ਗਹਿਲੋਤ ਅਤੇ ਡਿਪਟੀ ਸੀਐਮ ਸਚਿਨ ਪਾਇਲਟ ਇੱਕ ਜਨਤਕ ਸਮਾਗਮ ਵਿੱਚ ਇਕੱਠੇ ਨਜ਼ਰ ਆਉਣਗੇ।