ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਕਿਸਾਨਾਂ ‘ਤੇ ਦਿੱਤੇ ਆਪਣੇ ਬਿਆਨ ‘ਤੇ ਅਫਸੋਸ ਜਤਾਇਆ ਹੈ। ਸੀਐਮ ਖੱਟਰ ਨੇ ਕਿਹਾ ਹੈ ਕਿ ਮੈਂ ਕੁੱਝ ਬਿਆਨ ਦਿੱਤਾ ਸੀ। ਮੈਂ ਇਹ ਬਿਆਨ ਸਵੈ-ਰੱਖਿਆ ਦੇ ਨਜ਼ਰੀਏ ਤੋਂ ਦਿੱਤਾ ਸੀ ਅਤੇ ਇਹ ਬਿਆਨ ਕਿਸੇ ਵੀ ਗਲਤ ਇਰਾਦੇ ਨਾਲ ਨਹੀਂ ਦਿੱਤਾ ਗਿਆ ਸੀ।
ਮੈਂ ਆਪਣਾ ਉਹ ਬਿਆਨ ਵਾਪਿਸ ਲੈਂਦਾ ਹਾਂ। ਖੱਟਰ ਦੇ ਇਸ ਬਿਆਨ ‘ਤੇ ਵਿਰੋਧੀ ਧਿਰ ਵੀ ਨਿਸ਼ਾਨਾ ਸਾਧ ਰਹੀ ਸੀ। ਦਰਅਸਲ, ਬੀਜੇਪੀ ਕਿਸਾਨ ਮੋਰਚਾ ਦੀ ਇੱਕ ਬੈਠਕ ਦੇ ਦੌਰਾਨ, ਸੀਐਮ ਮਨੋਹਰ ਲਾਲ ਖੱਟਰ ਨੇ ਕਥਿਤ ਤੌਰ ਤੇ “ਜੈਸੇ ਨੂੰ ਤੈਸਾ” ਨਾਲ ਜੁੜੀ ਟਿੱਪਣੀ ਕੀਤੀ ਸੀ। ਸੀਐੱਮ ਖੱਟਰ ਨੇ ਉੱਥੇ ਮੌਜੂਦ ਲੋਕਾਂ ਨੂੰ ਕਿਹਾ ਸੀ, ”ਚੱਕ ਲਓ ਡੰਡੇ। ਗੁੱਸੇ ਵਿੱਚ ਆਏ ਕਿਸਾਨਾਂ ਨੂੰ ਤੁਸੀਂ ਵੀ ਜਵਾਬ ਦਿਓ ਅਸੀਂ ਵੇਖਾਂਗੇ। ਜੇ ਤੁਸੀਂ ਦੋ ਤੋਂ ਚਾਰ ਮਹੀਨਿਆਂ ਲਈ ਜੇਲ੍ਹ ਵਿੱਚ ਰਹੋਗੇ, ਤਾਂ ਤੁਸੀਂ ਕੁੱਝ ਸਿੱਖੋਗੇ। ਤੁਸੀਂ ਇੱਕ ਮਹਾਨ ਨੇਤਾ ਬਣੋਗੇ। ਆਪਣੇ ਬਿਆਨ ਵਿੱਚ ਖੱਟਰ ਨੇ 500 ਤੋਂ 1000 ਲੋਕਾਂ ਦਾ ਸਮੂਹ ਬਣਾਉਣ ਅਤੇ ਜੇਲ੍ਹ ਜਾਣ ਲਈ ਤਿਆਰ ਰਹਿਣ ਲਈ ਕਿਹਾ ਸੀ।
ਮੁੱਖ ਮੰਤਰੀ ਮਨੋਹਰ ਲਾਲ ਖੱਟਰ ਅੱਜ ਪੰਚਕੂਲਾ ਆਏ ਸਨ। ਇਸ ਦੌਰਾਨ, ਉਨ੍ਹਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਹੈ ਕਿ ਸ਼ਕਤੀਪੀਠ ਵਿੱਚ ਇਹ ਅਹਿਸਾਸ ਹੋਇਆ ਸੀ ਕਿ ਮਾਤਾ ਰਾਣੀ ਸਾਡੇ ਸਾਰਿਆਂ ਦੀ ਰੱਖਿਆ ਕਰੇਗੀ, ਇਸੇ ਲਈ ਮੈਂ ਆਪਣਾ ਬਿਆਨ ਵਾਪਿਸ ਲੈਂਦਾ ਹਾਂ, ਜਿਸ ਵਿੱਚ ਲੋੜ ਪੈਣ ‘ਤੇ ਮੈਂ ਸਵੈ-ਰੱਖਿਆ ਦੀ ਅਪੀਲ ਕੀਤੀ ਸੀ। ਮੁੱਖ ਮੰਤਰੀ ਖੱਟਰ ਨੇ ਅੱਗੇ ਕਿਹਾ, “ਰਾਜ ਵਿੱਚ ਕਾਨੂੰਨ ਵਿਵਸਥਾ ਬਣਾਈ ਰੱਖਣਾ ਸਰਕਾਰ ਦਾ ਮੁੱਖ ਉਦੇਸ਼ ਹੈ। ਮੈਂ ਰਾਜ ਦੇ ਲੋਕਾਂ ਦੀ ਖੁਸ਼ਹਾਲੀ ਲਈ ਕਾਮਨਾ ਕੀਤੀ ਹੈ, ਤਾਂ ਜੋ ਕਿਸਾਨ ਭਰਾਵਾਂ ਨੂੰ ਕਿਸੇ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਮੁੱਖ ਮੰਤਰੀ ਖੱਟਰ ਨੇ ਕਿਹਾ ਕਿ ਹਰਿਆਣਾ ਵਿੱਚ ਸ਼ਾਂਤੀ ਭੰਗ ਨਹੀਂ ਹੋਣੀ ਚਾਹੀਦੀ। ਸ਼ਾਂਤੀ ਅਤੇ ਸਦਭਾਵਨਾ ਕਾਇਮ ਰਹਿਣੀ ਚਾਹੀਦੀ ਹੈ।”