CM Mamata Banerjee said: ਪੱਛਮੀ ਬੰਗਾਲ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਮਿਲੀ ਜਿੱਤ ਤੋਂ ਬਾਅਦ ਤੀਜੀ ਵਾਰ ਮਮਤਾ ਬੈਨਰਜੀ ਦੀ ਸਰਕਾਰ ਸੱਤਾ ਵਿੱਚ ਆਈ ਹੈ । ਅੱਜ ਮਮਤਾ ਬੈਨਰਜੀ ਨੇ ਬੰਗਾਲ ਦੇ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ ਹੈ । ਰਾਜਪਾਲ ਜਗਦੀਪ ਧਨਖੜ ਨੇ ਉਨ੍ਹਾਂ ਨੂੰ ਸਹੁੰ ਚੁਕਾਈ । ਜਿਸ ਤੋਂ ਬਾਅਦ ਮਮਤਾ ਦੀਦੀ ਇੱਕ ਵਾਰ ਫਿਰ ਬੰਗਾਲ ਦੀ ਮੁੱਖ ਮੰਤਰੀ ਬਣ ਗਈ ਹੈ।
ਸਹੁੰ ਚੁੱਕਣ ਤੋਂ ਬਾਅਦ ਮਮਤਾ ਬੈਨਰਜੀ ਨੇ ਸਭ ਤੋਂ ਪਹਿਲਾਂ ਕਿਹਾ ਕਿ ਉਸ ਦੀਆਂ ਤਰਜੀਹਾਂ ਵਿੱਚ ਕੋਰਨਾ ਦੇ ਵਿਰੁੱਧ ਲੜਾਈ ਹੈ। ਇਸਦੇ ਨਾਲ ਹੀ ਉਨ੍ਹਾਂ ਕਿਹਾ ਕਿ ਬੰਗਾਲ ਵਿੱਚ ਹਿੰਸਾ ਦੀਆਂ ਘਟਨਾਵਾਂ ਨੂੰ ਹੁਣ ਬਰਦਾਸ਼ਤ ਨਹੀਂ ਕੀਤਾ ਜਾਵੇਗਾ । ਉਨ੍ਹਾਂ ਕਿਹਾ, “ਬੰਗਾਲ ਹਿੰਸਾ ਨੂੰ ਪਸੰਦ ਨਹੀਂ ਕਰਦਾ। ਮੈਂ ਨਿੱਜੀ ਤੌਰ ‘ਤੇ ਅਮਨ-ਕਾਨੂੰਨ ਦੇ ਮੁੱਦਿਆਂ ਨੂੰ ਵੇਖਾਂਗੀ ਅਤੇ ਇਹ ਸੁਨਿਸ਼ਚਿਤ ਕਰਾਂਗੀ ਕਿ ਰਾਜ ਵਿੱਚ ਸ਼ਾਂਤੀ ਕਾਇਮ ਰਹੇ। ਮਮਤਾ ਬੈਨਰਜੀ ਨੇ ਆਪਣੇ ਬਿਆਨ ਵਿੱਚ ਕਿਹਾ ਕਿ, “ਮੈਂ ਸਾਰਿਆਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕਰਦੀ ਹਾਂ।” ਜੇ ਕਿਸੇ ਵੀ ਪਾਰਟੀ ਦੇ ਵਿਅਕਤੀ ਨੇ ਹਿੰਸਾ ਕੀਤੀ ਤਾਂ ਉਸਦੇ ਵਿਰੁੱਧ ਸਖਤ ਕਾਰਵਾਈ ਕੀਤੀ ਜਾਵੇਗੀ । ਮੈਂ ਸ਼ਾਂਤੀ ਦੇ ਹੱਕ ਵਿੱਚ ਹਾਂ ਅਤੇ ਰਹਾਂਗੀ।”
ਇਸ ਤੋਂ ਅੱਗੇ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਕਿਹਾ ਕਿ ਕਾਨੂੰਨ ਅਤੇ ਵਿਵਸਥਾ ਕੰਟਰੋਲ ਪਿਛਲੇ ਤਿੰਨ ਮਹੀਨਿਆਂ ਤੋਂ ਭਾਰਤੀ ਚੋਣ ਕਮਿਸ਼ਨ ਦੇ ਅਧੀਨ ਸੀ। ਚੋਣ ਕਮਿਸ਼ਨ ਨੇ ਬਹੁਤ ਸਾਰੇ ਅਧਿਕਾਰੀਆਂ ਨੂੰ ਬਦਲ ਦਿੱਤਾ ਸੀ ਜਿਨ੍ਹਾਂ ਨੂੰ ਮੁੜ ਬਹਾਲ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਮੈਂ ਹੁਣੇ ਸਹੁੰ ਚੁੱਕੀ ਹੈ ਅਤੇ ਮੈਂ ਹੁਣ ਇਹ ਸੁਨਿਸ਼ਚਿਤ ਕਰਾਂਗੀ ਕਿ ਸ਼ਾਂਤੀ ਬਣੀ ਰਹੇ।
ਦੱਸ ਦੇਈਏ ਕਿ ਤ੍ਰਿਣਮੂਲ ਕਾਂਗਰਸ ਨੇ ਪੱਛਮੀ ਬੰਗਾਲ ਵਿਧਾਨ ਸਭਾ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਇਤਿਹਾਸ ਰਚਿਆ ਹੈ ਅਤੇ ਲਗਾਤਾਰ ਤੀਜੀ ਵਾਰ ਰਾਜ ਦੀ ਸੱਤਾ ਆਪਣੇ ਕੋਲ ਬਰਕਰਾਰ ਰੱਖੀ ਹੈ । ਪਾਰਟੀ ਨੇ ਵਿਧਾਨ ਸਭਾ ਦੀਆਂ 292 ਸੀਟਾਂ ਵਿਚੋਂ 213 ਸੀਟਾਂ ਜਿੱਤੀਆਂ ਹਨ, ਜੋ ਬਹੁਮਤ ਦੇ ਜਾਦੂਈ ਅੰਕੜੇ ਨਾਲੋਂ ਜ਼ਿਆਦਾ ਹਨ । ਇਸ ਦੇ ਨਾਲ ਹੀ ਇਸ ਵਿਧਾਨ ਸਭਾ ਚੋਣਾਂ ਵਿੱਚ ਆਪਣੀ ਪੂਰੀ ਤਾਕਤ ਦੇਣ ਵਾਲੀ ਭਾਜਪਾ ਨੇ 77 ਸੀਟਾਂ ਜਿੱਤੀਆਂ ਹਨ।