Cold wave continue North India: ਜੰਮੂ-ਕਸ਼ਮੀਰ, ਲੱਦਾਖ, ਪੰਜਾਬ ਸਣੇ ਪੂਰੇ ਉੱਤਰੀ ਭਾਰਤ ਵਿੱਚ ਅਜੇ ਵੀ ਕੜਾਕੇ ਦੀ ਠੰਡ ਹੈ। ਮੌਸਮ ਵਿਭਾਗ ਅਨੁਸਾਰ ਉੱਤਰ-ਪੱਛਮੀ ਬਰਫੀਲੀਆਂ ਹਵਾਵਾਂ ਦਾ ਦੌਰ ਅਗਲੇ ਤਿੰਨ-ਚਾਰ ਦਿਨਾਂ ਤੱਕ ਜਾਰੀ ਰਹਿ ਸਕਦਾ ਹੈ। ਇਸ ਕਾਰਨ ਪੰਜਾਬ ਤੋਂ ਲੈ ਕੇ ਹਰਿਆਣਾ, ਰਾਜਸਥਾਨ, ਦਿੱਲੀ-ਐਨਸੀਆਰ ਅਤੇ ਯੂਪੀ ਤੱਕ ਠੰਡ ਦਾ ਅਸਰ ਰਹਿ ਸਕਦਾ ਹੈ । ਮੌਸਮ ਵਿਭਾਗ ਨੇ ਧੁੰਦ ਦਾ ਪ੍ਰਭਾਵ ਅਜੇ ਵੀ ਬਣੇ ਰਹਿਣ ਦੀ ਭਵਿੱਖਬਾਣੀ ਕੀਤੀ ਹੈ । ਇਸ ਦੌਰਾਨ ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਹਵਾ ਦੀ ਗੁਣਵੱਤਾ ਖ਼ਰਾਬ ਸ਼੍ਰੇਣੀ ਵਿੱਚ ਦਰਜ ਕੀਤੀ ਗਈ।
ਉੱਥੇ ਹੀ ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਦੇ ਕਈ ਥਾਵਾਂ ‘ਤੇ ਮੰਗਲਵਾਰ ਨੂੰ ਘੱਟੋ-ਘੱਟ ਤਾਪਮਾਨ ਆਮ ਨਾਲੋਂ ਘੱਟ ਦਰਜ ਕੀਤਾ ਗਿਆ । ਹਰਿਆਣਾ ਦੇ ਨਾਰਨੌਲ ਵਿੱਚ ਪਾਰਾ 1.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਮੌਸਮ ਵਿਭਾਗ ਅਨੁਸਾਰ ਨਾਰਨੌਲ ਵਿੱਚ ਇਹ ਤਾਪਮਾਨ ਆਮ ਨਾਲੋਂ ਚਾਰ ਡਿਗਰੀ ਘੱਟ ਸੀ। ਹਿਸਾਰ ਵਿੱਚ ਰਾਤ ਦਾ ਤਾਪਮਾਨ 3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਆਮ ਨਾਲੋਂ ਪੰਜ ਡਿਗਰੀ ਘੱਟ ਸੀ।
ਇੱਥੇ ਜੇਕਰ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਲੁਧਿਆਣਾ ਵਿੱਚ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਅੰਮ੍ਰਿਤਸਰ ਵਿੱਚ ਘੱਟੋ-ਘੱਟ ਤਾਪਮਾਨ 8.8 ਡਿਗਰੀ ਸੈਲਸੀਅਸ, ਜਦੋਂ ਕਿ ਪਟਿਆਲੇ ਦਾ ਘੱਟੋ-ਘੱਟ ਤਾਪਮਾਨ 4.7 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । ਇਸਦੇ ਨਾਲ ਹੀ ਰਾਜਧਾਨੀ ਚੰਡੀਗੜ੍ਹ ਵਿੱਚ ਘੱਟੋ-ਘੱਟ ਤਾਪਮਾਨ 5.7 ਡਿਗਰੀ ਸੈਲਸੀਅਸ ਰਿਹਾ ਜੋ ਆਮ ਨਾਲੋਂ ਇੱਕ ਡਿਗਰੀ ਘੱਟ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਪੰਜਾਬ-ਹਰਿਆਣਾ ਅਤੇ ਰਾਜਸਥਾਨ ਸਮੇਤ ਦਿੱਲੀ-ਐਨਸੀਆਰ ਦੇ ਕਈ ਇਲਾਕਿਆਂ ਵਿੱਚ ਭਾਰੀ ਧੁੰਦ ਵੇਖੀ ਗਈ। ਇਸ ਕਾਰਨ ਵਿਜ਼ੀਬਿਲਿਟੀ ਘੱਟ ਦਰਜ ਕੀਤੀ ਗਈ। ਅੱਜ ਸਵੇਰੇ ਆਗਰਾ ਅਤੇ ਅੰਬਾਲਾ ਵਿੱਚ ਵਿਜ਼ੀਬਿਲਿਟੀ 25 ਮੀਟਰ ਦੇ ਨੇੜੇ ਦਰਜ ਕੀਤੀ ਗਈ, ਜਦੋਂ ਕਿ ਬਿਹਾਰ ਦੇ ਪੂਰਨੀਆ, ਭਾਗਲਪੁਰ ਅਤੇ ਆਸ ਪਾਸ ਦੇ ਇਲਾਕਿਆਂ ਵਿੱਚ ਵਿਜ਼ੀਬਿਲਿਟੀ 50 ਮੀਟਰ ਦੇ ਨੇੜੇ ਦਰਜ ਕੀਤੀ ਗਈ।
ਇਹ ਵੀ ਦੇਖੋ: ਦਿੱਲੀ ਦੇ ਦਿਲਵਾਲੀਆਂ ਨੇ ਦਿੱਤਾ ਕਿਸਾਨਾਂ ਦਾ ਸਾਥ ਕਹਿੰਦੇ ਮੋਢੇ ਨਾਲ ਮੋਢਾ ਜੋੜ ਖੜੇ ਹਾਂ ਨਾਲ