Cold Wave in North India: ਦੇਸ਼ ਦੇ ਉੱਤਰੀ ਅਤੇ ਉੱਤਰ ਪੱਛਮ ਹਿੱਸਿਆਂ ਵਿੱਚ ਹੱਡ ਕੰਬਾਉਣ ਵਾਲੀ ਠੰਡ ਪੈ ਰਹੀ ਹੈ ਅਤੇ ਸ੍ਰੀਨਗਰ ਵਿੱਚ ਪਿਛਲੇ ਅੱਠ ਸਾਲਾਂ ਦਾ ਸਭ ਤੋਂ ਘੱਟ ਤਾਪਮਾਨ ਦਰਜ ਕੀਤਾ ਗਿਆ । ਧੁੰਦ ਕਾਰਨ ਨਜ਼ਰ ਘੱਟ ਹੋਣ ਕਾਰਨ ਕੁਝ ਥਾਵਾਂ ‘ਤੇ ਟ੍ਰੈਫਿਕ ਪ੍ਰਭਾਵਿਤ ਰਿਹਾ । ਉੱਥੇ ਹੀ ਦੂਜੇ ਪਾਸੇ ਭਾਰਤ ਮੌਸਮ ਵਿਭਾਗ ਦਾ ਦਾਅਵਾ ਹੈ ਕਿ ਅਗਲੇ 3 ਤੋਂ 4 ਦਿਨਾਂ ਤੱਕ ਉੱਤਰ ਭਾਰਤ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਠੰਡ ਹੋਰ ਵਧੇਗੀ। ਨਾਲ ਹੀ ਸ਼ੀਤ ਲਹਿਰ ਕਾਰਨ ਠੰਡ ਵਿੱਚ ਵੀ ਵਾਧਾ ਹੋਵੇਗਾ।
IMD ਵੱਲੋਂ ਮਿਲੀ ਜਾਣਕਾਰੀ ਅਨੁਸਾਰ ਸਮੁੰਦਰ ਵਿੱਚ ਵੱਧ ਰਹੀਆਂ ਮੌਸਮੀ ਗਤੀਵਿਧੀਆਂ ਕਾਰਨ ਅਗਲੇ ਵੀਰਵਾਰ ਨੂੰ ਤਾਮਿਲਨਾਡੂ, ਪੁਡੂਚੇਰੀ, ਕਰਾਈਕਲ, ਕੇਰਲ, ਮਾਹੇ ਅਤੇ ਲਕਸ਼ਦੀਪ ਵਿੱਚ ਬਾਰਿਸ਼ ਹੋ ਸਕਦੀ ਹੈ। ਪੱਛਮੀ ਹਿਮਾਲਿਆ ਤੋਂ ਬਰਫੀਲੀਆਂ ਹਵਾਵਾਂ ਕਾਰਨ ਕੌਮੀ ਰਾਜਧਾਨੀ ਵਿੱਚ ਘੱਟੋ-ਘੱਟ ਤਾਪਮਾਨ 3.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਉੱਥੇ ਹੀ ਸ਼ਹਿਰ ਵਿੱਚ ਧੁੰਦ ਦੀ ਚਾਦਰ ਕਾਰਨ ਵਿਜ਼ੀਬਿਲਿਟੀ ਦਾ ਪੱਧਰ 50 ਮੀਟਰ ਤੱਕ ਪਹੁੰਚ ਗਿਆ ਅਤੇ ਇਸ ਨਾਲ ਟ੍ਰੈਫਿਕ ‘ਤੇ ਵੀ ਅਸਰ ਪਿਆ।
ਭਾਰਤ ਮੌਸਮ ਵਿਭਾਗ ਨੇ ਦੱਸਿਆ ਕਿ ਪੱਛਮੀ ਰਾਜਸਥਾਨ ਵਿੱਚ ਗੰਗਾਨਗਰ ਵਿੱਚ ਘੱਟੋ-ਘੱਟ ਤਾਪਮਾਨ 0.2 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ । IMD ਨੇ ਦੱਸਿਆ ਕਿ ਸੁੱਕੇ ਮੌਸਮ ਅਤੇ ਉੱਤਰ / ਉੱਤਰ ਪੱਛਮੀ ਹਵਾਵਾਂ ਕਾਰਨ ਦੇਸ਼ ਦੇ ਉੱਤਰ-ਪੱਛਮੀ ਹਿੱਸਿਆਂ ਦੇ ਬਹੁਤੇ ਹਿੱਸਿਆਂ ਵਿੱਚ ਅਗਲੇ ਤਿੰਨ-ਚਾਰ ਦਿਨਾਂ ਲਈ ਆਮ ਤਾਪਮਾਨ ਤੋਂ ਘੱਟ ਰਹਿਣ ਦੀ ਸੰਭਾਵਨਾ ਹੈ । IMD ਨੇ ਕਿਹਾ ਕਿ ਪੰਜਾਬ, ਹਰਿਆਣਾ, ਚੰਡੀਗੜ੍ਹ, ਦਿੱਲੀ ਅਤੇ ਉੱਤਰ ਪ੍ਰਦੇਸ਼ ਵਿੱਚ ਕਈ ਥਾਵਾਂ ‘ਤੇ ਸ਼ੀਤ ਲਹਿਰ ਦੀ ਸੰਭਾਵਨਾ ਹੈ। ਇਸ ਦੌਰਾਨ ਬਹੁਤ ਜ਼ਿਆਦਾ ਠੰਡ ਦੀ ਸਥਿਤੀ ਵੀ ਪੈਦਾ ਹੋ ਸਕਦੀ ਹੈ। ਆਈਐਮਡੀ ਨੇ ਅਗਲੇ 24 ਘੰਟਿਆਂ ਵਿੱਚ ਅੱਠ ਵਜੇ ਜਾਰੀ ਕੀਤੇ ਬੁਲੇਟਿਨ ਵਿੱਚ ਕਿਹਾ ਕਿ ਅਗਲੇ 24 ਘੰਟਿਆਂ ਵਿੱਚ ਤਾਮਿਲਨਾਡੂ, ਦੱਖਣੀ ਕੇਰਲ ਅਤੇ ਲਕਸ਼ਦੀਪ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਦੇ ਇੱਕ ਅਧਿਕਾਰੀ ਨੇ ਬੁੱਧਵਾਰ ਨੂੰ ਦੱਸਿਆ ਕਿ ਸ੍ਰੀਨਗਰ ਵਿੱਚ ਘੱਟੋ-ਘੱਟ ਤਾਪਮਾਨ ਮਨਫ਼ੀ ਤੋਂ ਮਾਇਨਸ 7.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਪਿਛਲੇ ਅੱਠ ਸਾਲਾਂ ਵਿੱਚ ਸ਼ਹਿਰ ਦਾ ਸਭ ਤੋਂ ਘੱਟ ਤਾਪਮਾਨ ਹੈ । ਉਨ੍ਹਾਂ ਨੇ ਦੱਸਿਆ ਕਿ ਇਸ ਤੋਂ ਪਹਿਲਾਂ 14 ਜਨਵਰੀ, 2012 ਨੂੰ ਵੀ ਇੰਨਾ ਹੀ ਘੱਟੋ-ਘੱਟ ਤਾਪਮਾਨ ਦਰਜ ਕੀਤਾ ਗਿਆ ਸੀ । ਉੱਥੇ ਹੀ ਬੁੱਧਵਾਰ ਨੂੰ ਵੀ ਪੰਜਾਬ ਅਤੇ ਹਰਿਆਣਾ ਦੇ ਬਹੁਤੇ ਹਿੱਸਿਆਂ ਵਿੱਚ ਸ਼ੀਤ ਲਹਿਰ ਦੀ ਸਥਿਤੀ ਜਾਰੀ ਰਹੀ।