Complete lockdown in goa : ਦੇਸ਼ ਵਿੱਚ ਕੋਰੋਨਾ ਫਿਰ ਬੇਕਾਬੂ ਹੁੰਦਾ ਜਾਪ ਰਿਹਾ ਹੈ। ਪਿੱਛਲੇ ਇੱਕ ਹਫਤੇ ਤੋਂ ਦੇਸ਼ ਵਿੱਚ ਹਰ ਦਿਨ 3 ਲੱਖ ਤੋਂ ਵੱਧ ਨਵੇਂ ਕੇਸ ਸਾਹਮਣੇ ਆ ਰਹੇ ਹਨ। ਕੋਰੋਨਾ ਦੀ ਤਬਾਹੀ ਨੂੰ ਘਟਾਉਣ ਲਈ ਦੇਸ਼ ਦੇ ਕਈ ਰਾਜਾਂ ਵਿੱਚ ਤਾਲਾਬੰਦੀ ਵਰਗੀਆਂ ਸਖਤ ਪਾਬੰਦੀਆਂ ਲਾਗੂ ਹਨ, ਫਿਰ ਵੀ ਕੇਸ ਘੱਟ ਨਹੀਂ ਹੋ ਰਹੇ ਹਨ। ਦੇਸ਼ ਵਿੱਚ ਕੋਰੋਨਾ ਕਾਰਨ ਆਪਣੀ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 2 ਲੱਖ ਤੋਂ ਪਾਰ ਪਹੁੰਚ ਗਈ ਹੈ। ਇਸ ਦੌਰਾਨ ਗੋਆ ਵਿੱਚ ਵੀ ਮੁਕੰਮਲ ਤਾਲਾਬੰਦੀ ਦਾ ਐਲਾਨ ਕੀਤਾ ਗਿਆ ਹੈ। 29 ਅਪ੍ਰੈਲ ਨੂੰ ਸ਼ਾਮ 7 ਵਜੇ ਤੋਂ 3 ਮਈ ਦੀ ਸਵੇਰ ਤੱਕ ਗੋਆ ਵਿੱਚ ਲੌਕਡਾਊਨ ਰਹੇਗਾ।
ਇਸ ਸਮੇਂ ਦੌਰਾਨ ਸਿਰਫ ਜ਼ਰੂਰੀ ਸੇਵਾਵਾਂ ਅਤੇ ਉਦਯੋਗਿਕ ਗਤੀਵਿਧੀਆਂ ਦੀ ਆਗਿਆ ਹੋਵੇਗੀ। ਜਨਤਕ ਆਵਾਜਾਈ ਬੰਦ ਰਹੇਗੀ। ਕੈਸੀਨੋ, ਹੋਟਲ ਅਤੇ ਪੱਬ ਵੀ ਬੰਦ ਰਹਿਣਗੇ। ਸਰਹੱਦ ਜ਼ਰੂਰੀ ਸੇਵਾਵਾਂ ਲਈ ਖੁੱਲੀ ਰਹੇਗੀ। ਗੋਆ ਦੇ ਮੁੱਖ ਮੰਤਰੀ ਪ੍ਰਮੋਦ ਸਾਵੰਤ ਨੇ ਇਹ ਜਾਣਕਾਰੀ ਸਾਂਝੀ ਕੀਤੀ ਹੈ। ਦੱਸ ਦਈਏ ਕਿ ਮੰਗਲਵਾਰ ਨੂੰ ਗੋਆ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ 2,110 ਨਵੇਂ ਮਾਮਲੇ ਸਾਹਮਣੇ ਆਏ ਸਨ ਅਤੇ 31 ਹੋਰ ਸੰਕਰਮਿਤ ਲੋਕਾਂ ਦੀ ਮੌਤ ਹੋ ਗਈ ਸੀ। ਸਿਹਤ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਰਾਜ ਵਿੱਚ ਸੰਕਰਮਣ ਦੀ ਕੁੱਲ ਸੰਖਿਆ 81,908 ਹੋ ਗਈ ਹੈ ਅਤੇ ਕੁੱਲ ਮੌਤਾਂ ਦੀ ਗਿਣਤੀ 1,086 ਹੋ ਗਈ ਹੈ। ਅਧਿਕਾਰੀ ਨੇ ਦੱਸਿਆ ਕਿ ਮੰਗਲਵਾਰ ਨੂੰ 748 ਮਰੀਜ਼ਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ ਸੀ ਅਤੇ ਇਸ ਨਾਲ ਹੁਣ ਤੱਕ ਠੀਕ ਹੋਏ ਲੋਕਾਂ ਦੀ ਕੁੱਲ ਸੰਖਿਆ 64,231 ਹੋ ਗਈ ਹੈ। ਰਾਜ ਵਿੱਚ 16,591 ਲੋਕ ਇਲਾਜ ਅਧੀਨ ਹਨ।