Consignment carrying Oxygen generators: ਕੋਰੋਨਾ ਵਾਇਰਸ ਦੀ ਦੂਜੀ ਲਹਿਰ ਦਾ ਕਹਿਰ ਜਾਰੀ ਹੈ । ਇਸੇ ਵਿਚਾਲੇ ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਲਈ ਬਹੁਤ ਸਾਰੇ ਦੇਸ਼ ਅੱਗੇ ਆਏ ਹਨ । ਕੋਰੋਨਾ ਸੰਕਟ ਵਿੱਚ ਫਸੇ ਭਾਰਤ ਦੀ ਮਦਦ ਲਈ ਦੂਜੇ ਦੇਸ਼ਾਂ ਵੱਲੋਂ ਲਗਾਤਾਰ ਡਾਕਟਰੀ ਉਪਕਰਣ ਮੁਹੱਈਆ ਕਰਵਾਏ ਜਾ ਰਹੇ ਹਨ ।
ਦਰਅਸਲ, ਅੱਜ ਬ੍ਰਿਟੇਨ ਤੋਂ ਤਿੰਨ ਆਕਸੀਜਨ ਜੈਨਰੇਟਰ ਅਤੇ 1000 ਵੈਂਟੀਲੇਟਰਾਂ ਦੀ ਇੱਕ ਖੇਪ ਬ੍ਰਿਟੇਨ ਤੋਂ ਭਾਰਤ ਆਈ ਹੈ । ਹਰੇਕ ਜੈਨਰੇਟਰ ਇੱਕ ਮਿੰਟ ਵਿੱਚ 500 ਲੀਟਰ ਆਕਸੀਜਨ ਦਾ ਉਤਪਾਦਨ ਕਰ ਸਕਦਾ ਹੈ, ਜੋ ਇੱਕ ਸਮੇਂ ਵਿੱਚ 50 ਲੋਕਾਂ ਦਾ ਇਲਾਜ ਕਰਨ ਲਈ ਕਾਫ਼ੀ ਹੈ। ਇਸ ਤੋਂ ਪਹਿਲਾਂ ਵੀ UK ਵੱਲੋਂ ਵੱਡੀ ਗਿਣਤੀ ਵਿੱਚ ਡਾਕਟਰੀ ਉਪਕਰਣ ਭੇਜੇ ਜਾ ਚੁੱਕੇ ਹਨ।
ਵਿਦੇਸ਼ ਮੰਤਰਾਲੇ ਦੇ ਬੁਲਾਰੇ ਅਰਿੰਦਮ ਬਾਗਚੀ ਨੇ ਟਵੀਟ ਕਰਕੇ ਇਹ ਜਾਣਕਾਰੀ ਦਿੱਤੀ । ਉਨ੍ਹਾਂ ਕਿਹਾ, “ਅਸੀਂ ਆਪਣੀ ਵਿਆਪਕ ਰਣਨੀਤਕ ਸਾਂਝੇਦਾਰੀ ਨੂੰ ਅੱਗੇ ਲੈ ਜਾ ਰਹੇ ਹਾਂ । 3 ਆਕਸੀਜਨ ਜੈਨਰੇਟਰ ਅਤੇ 1000 ਵੈਂਟੀਲੇਟਰਾਂ ਦੀ ਖੇਪ ਯੂਕੇ ਤੋਂ ਆ ਗਈ ਹੈ। ਸਾਡੇ ਕਰੀਬੀ ਦੋਸਤ ਦਾ ਇਹ ਯੋਗਦਾਨ ਮਹੱਤਵਪੂਰਣ ਹੈ।”
ਜ਼ਿਕਰਯੋਗ ਹੈ ਕਿ ਮਹਾਂਮਾਰੀ ਨਾਲ ਮੁਕਾਬਲੇ ਵਿੱਚ ਭਾਰਤ ਦੀ ਮਦਦ ਲਈ ਦੁਨੀਆ ਦੇ ਸਭ ਤੋਂ ਵੱਡੇ ਕਾਰਗੋ ਜਹਾਜ਼ ਨੂੰ ਸ਼ੁੱਕਰਵਾਰ ਨੂੰ ਉੱਤਰੀ ਆਇਰਲੈਂਡ ਦੇ ਬੇਲਫਾਸਟ ਤੋਂ ਰਵਾਨਾ ਕੀਤਾ ਗਿਆ ਸੀ। ਬ੍ਰਿਟਿਸ਼ ਸਰਕਾਰ ਨੇ ਕਿਹਾ ਸੀ ਕਿ ਹਵਾਈ ਅੱਡੇ ਦੇ ਕਰਮਚਾਰੀਆਂ ਨੇ ਸਾਰੀ ਰਾਤ ਸਖਤ ਮਿਹਨਤ ਕਰਦਿਆਂ ਵਿਸ਼ਾਲ ਐਂਟੋਨਾਵ 124 ਜਹਾਜ਼ ਵਿੱਚ ਜਾਨ ਬਚਾਉਣ ਵਾਲੀਆਂ ਦਵਾਈਆਂ ਲੱਦ ਦਿੱਤੀਆਂ । ਐਫਸੀਡੀਓ ਵੱਲੋਂ ਇਸ ਸਪਲਾਈ ਲਈ ਫੰਡ ਮੁਹੱਈਆ ਕਰਵਾਏ ਗਏ ਹਨ।