Coronavirus cases in india : ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਇੱਕ ਵਾਰ ਫਿਰ ਡਰਾ ਰਹੀ ਹੈ। ਪਿੱਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾ ਦੇ ਲੱਗਭਗ 41 ਹਜ਼ਾਰ ਮਾਮਲੇ ਸਾਹਮਣੇ ਆਏ ਹਨ। ਕੋਰੋਨਾ ਦੇ ਵੱਧ ਰਹੇ ਮਾਮਲਿਆਂ ਦੇ ਮੱਦੇਨਜ਼ਰ ਸਰਕਾਰ ਵੀ ਐਕਸ਼ਨ ਵਿੱਚ ਹੈ। ਕੋਰੋਨਾ ਦੇ ਭਿਆਨਕ ਪ੍ਰਕੋਪ ਦੇ ਮੱਦੇਨਜ਼ਰ ਮੱਧ ਪ੍ਰਦੇਸ਼ ਸਰਕਾਰ ਨੇ 20 ਮਾਰਚ ਤੋਂ ਯਾਨੀ ਅੱਜ ਤੋਂ ਮਹਾਰਾਸ਼ਟਰ ਤੋਂ ਆਉਣ ਅਤੇ ਜਾਣ ਵਾਲੀਆਂ ਯਾਤਰੀ ਬੱਸਾਂ ‘ਤੇ ਪਾਬੰਦੀ ਲਗਾ ਦਿੱਤੀ ਹੈ। ਜਦੋਂ ਕਿ 21 ਮਾਰਚ ਨੂੰ ਭੋਪਾਲ, ਇੰਦੌਰ ਅਤੇ ਜਬਲਪੁਰ ਵਿੱਚ ਲੌਕਡਾਊਨ ਰਹੇਗਾ। ਇਸ ਤੋਂ ਇਲਾਵਾ ਪੰਜਾਬ, ਮਹਾਰਾਸ਼ਟਰ ਅਤੇ ਮੱਧ ਪ੍ਰਦੇਸ਼ ਦੇ ਕਈ ਸ਼ਹਿਰਾਂ ਵਿੱਚ 31 ਮਾਰਚ ਤੱਕ ਸਕੂਲ ਕਾਲਜ ਬੰਦ ਰਹਿਣਗੇ। ਅਜਿਹੀ ਸਥਿਤੀ ਵਿੱਚ ਇਹ ਪ੍ਰਸ਼ਨ ਉੱਠ ਰਿਹਾ ਹੈ ਕਿ ਕੀ ਸਥਿਤੀ ਨੂੰ ਸੁਧਾਰਨ ਲਈ ਫਿਰ ਲੌਕਡਾਊਨ ਲਗਾਉਣਾ ਪਏਗਾ ?
ਕੇਂਦਰੀ ਸਿਹਤ ਮੰਤਰਾਲੇ ਦੇ ਅਨੁਸਾਰ, ਭਾਰਤ ਵਿੱਚ ਪਿੱਛਲੇ 24 ਘੰਟਿਆਂ ਵਿੱਚ ਕੋਰੋਨਾ ਦੇ 40,953 ਨਵੇਂ ਕੇਸ ਸਾਹਮਣੇ ਆਏ ਹਨ। ਜਦਕਿ 188 ਕੋਰੋਨਾ ਮਰੀਜ਼ਾਂ ਦੀ ਮੌਤ ਹੋ ਚੁੱਕੀ ਹੈ। ਉਸੇ ਸਮੇਂ 23,653 ਕੋਰੋਨਾ ਮਰੀਜ਼ ਠੀਕ ਹੋ ਗਏ ਹਨ। ਸਿਹਤ ਮੰਤਰਾਲੇ ਦੁਆਰਾ ਸ਼ਨੀਵਾਰ ਸਵੇਰੇ 8 ਵਜੇ ਤੱਕ ਜਾਰੀ ਕੀਤਾ ਕੋਰੋਨਾ ਡਾਟਾ ਕੁੱਝ ਇਸ ਪ੍ਰਕਾਰ ਹੈ – ਦੇਸ਼ ਵਿੱਚ ਹੁਣ ਤੱਕ ਕੋਰੋਨਾ ਦੇ ਮਰੀਜ਼ਾਂ ਦੀ ਕੁੱਲ ਗਿਣਤੀ 1,15,55,284 ਹੈ। ਭਾਰਤ ਵਿੱਚ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ 1,11,07,332 ਹੈ। ਭਾਰਤ ਵਿੱਚ ਕੋਰੋਨਾ ਕਾਰਨ ਹੋਈਆਂ ਮੌਤ ਦੀ ਗਿਣਤੀ 1,59,558 ਹੈ। ਦੇਸ਼ ਵਿੱਚ ਹੁਣ ਸਰਗਰਮ ਮਾਮਲਿਆਂ ਦੀ ਗਿਣਤੀ 2,88,394 ਹੋ ਗਈ ਹੈ। ਭਾਰਤ ਵਿੱਚ ਹੁਣ ਤੱਕ ਕੁੱਲ 4,20,63,392 ਲੋਕਾਂ ਨੂੰ ਕੋਰੋਨਾ ਵੈਕਸੀਨ ਵੀ ਲਗਾਈ ਜਾ ਚੁੱਕੀ ਹੈ।