Coronavirus Cases Today : ਦੇਸ਼ ਵਿੱਚ ਕੋਰੋਨਾ ਦੀ ਰਫਤਾਰ ਫਿਰ ਬੇਕਾਬੂ ਹੁੰਦੀ ਜਾਪ ਰਹੀ ਹੈ। ਇਸ ਸਾਲ ਪਹਿਲੀ ਵਾਰ,ਇੱਕ ਦਿਨ ਵਿੱਚ ਪੀੜਤਾਂ ਦੀ ਸੰਖਿਆ 47 ਹਜ਼ਾਰ ਤੋਂ ਪਾਰ ਹੋ ਗਈ ਹੈ। ਯਾਨੀ ਸੰਕਟ ਨੇ ਫਿਰ ਤੋਂ ਦਰਵਾਜੇ ‘ਤੇ ਦਸਤਕ ਦਿੱਤੀ ਹੈ। ਉੱਥੇ ਹੀ ਰਾਹਤ ਮਹਿਸੂਸ ਕਰਨ ਵਾਲੀ ਦਿੱਲੀ ‘ਚ ਵੀ ਫਿਰ ਤੋਂ ਕੋਰੋਨਾ ਤੇਜ਼ੀ ਨਾਲ ਫੈਲਣਾ ਸ਼ੁਰੂ ਹੋ ਗਿਆ ਹੈ। ਉੱਥੇ 24 ਘੰਟਿਆਂ ਵਿੱਚ ਇੱਕ ਹਜ਼ਾਰ ਤੋਂ ਵੱਧ ਕੇਸ ਸਾਹਮਣੇ ਆਏ ਹਨ। ਦਿੱਲੀ ਦੀ ਲਗਾਤਾਰ ਵਿਗੜ ਰਹੀ ਸਥਿਤੀ ਦੇ ਮੱਦੇਨਜ਼ਰ ਹੋਲੀ, ਸ਼ਬ-ਏ-ਬਾਰਾਤ ਅਤੇ ਨਵਰਾਤਰੀ ਦੇ ਜਸ਼ਨਾਂ ਤੇ ਪਾਬੰਦੀ ਲਗਾਈ ਗਈ ਹੈ। ਇਸ ਦੇ ਨਾਲ ਹੀ ਇਹ ਫੈਸਲਾ ਲਿਆ ਗਿਆ ਕਿ ਕੋਰੋਨਾ ਦੀ ਰੈਂਡਮ ਟੈਸਟਿੰਗ ਹੁਣ ਦਿੱਲੀ ਏਅਰਪੋਰਟ, ਰੇਲਵੇ ਸਟੇਸ਼ਨ ਅਤੇ ਆਈਐਸਬੀਟੀ ਵਿਖੇ ਕੀਤੀ ਜਾਏਗੀ।
ਦੇਸ਼ ਵਿੱਚ 132 ਦਿਨਾਂ ਬਾਅਦ ਪਹਿਲੀ ਵਾਰ 47 ਹਜ਼ਾਰ ਤੋਂ ਜ਼ਿਆਦਾ ਕੋਰੋਨਾ ਕੇਸ ਦਰਜ ਕੀਤੇ ਗਏ ਹਨ। ਸਿਹਤ ਮੰਤਰਾਲੇ ਦੀ ਤਾਜ਼ਾ ਰਿਪੋਰਟ ਦੇ ਅਨੁਸਾਰ, ਪਿੱਛਲੇ 24 ਘੰਟਿਆਂ ਵਿੱਚ, 47,262 ਨਵੇਂ ਕੋਰੋਨਾ ਮਾਮਲੇ ਸਾਹਮਣੇ ਆਏ ਹਨ ਅਤੇ 275 ਲੋਕਾਂ ਦੀਆਂ ਜਾਨਾਂ ਗਈਆਂ ਹਨ। ਹਾਲਾਂਕਿ 23,907 ਲੋਕ ਕੋਰੋਨਾ ਤੋਂ ਠੀਕ ਵੀ ਹੋਏ ਹਨ। ਇਸ ਤੋਂ ਪਹਿਲਾਂ 11 ਨਵੰਬਰ, 2020 ਨੂੰ 47,905 ਕੋਰੋਨਾ ਦੇ ਕੇਸ ਦਰਜ ਹੋਏ ਸਨ। ਇੱਕ ਸਮਾਂ ਸੀ ਜਦੋਂ ਦੇਸ਼ ਵਿੱਚ ਕੋਰੋਨਾ ਇਨਫੈਕਸ਼ਨਾਂ ਦੀ ਗਿਣਤੀ ਘਟਣੀ ਸ਼ੁਰੂ ਹੋਈ ਸੀ। ਇਸ ਸਾਲ 1 ਫਰਵਰੀ ਨੂੰ, 8,635 ਨਵੇਂ ਕੋਰੋਨਾ ਕੇਸ ਦਰਜ ਕੀਤੇ ਗਏ ਸਨ। ਇੱਕ ਦਿਨ ਵਿੱਚ ਕੋਰੋਨਾ ਦੇ ਇਹ ਕੇਸ ਇਸ ਸਾਲ ਸਭ ਤੋਂ ਘੱਟ ਸਨ।