Coronavirus new cases in india : ਭਾਰਤ ਵਿੱਚ ਕੋਰੋਨਾ ਵਾਇਰਸ ਦੇ ਮਾਮਲਿਆਂ ‘ਚ ਵੱਡਾ ਵਾਧਾ ਦਰਜ ਕੀਤਾ ਗਿਆ ਹੈ। ਸ਼ੁੱਕਰਵਾਰ ਨੂੰ ਦੇਸ਼ ਵਿੱਚ ਕੋਰੋਨਾ ਦੇ 81 ਹਜ਼ਾਰ ਤੋਂ ਵੱਧ ਨਵੇਂ ਕੇਸ ਦਰਜ ਕੀਤੇ ਗਏ ਹਨ। ਜੋ ਕਿ ਸਾਲ 2021 ਦਾ ਸਭ ਤੋਂ ਵੱਡਾ ਅੰਕੜਾ ਹੈ। ਸਿਹਤ ਮੰਤਰਾਲੇ ਦੇ ਅਨੁਸਾਰ, ਬੀਤੇ 24 ਘੰਟਿਆਂ ਵਿੱਚ 469 ਲੋਕਾਂ ਦੀ ਮੌਤ ਕੋਰੋਨਾ ਕਾਰਨ ਹੋਈ ਹੈ। ਇਸ ਦੇ ਨਾਲ, ਹੁਣ ਦੇਸ਼ ਵਿੱਚ ਕੋਰੋਨਾ ਦੇ ਸਰਗਰਮ ਮਾਮਲਿਆਂ ਦੀ ਗਿਣਤੀ 6 ਲੱਖ ਨੂੰ ਪਾਰ ਕਰ ਗਈ ਹੈ। ਜਦਕਿ ਹੁਣ ਤੱਕ ਕੋਰੋਨਾ ਤੋਂ ਹੋਈਆਂ ਮੌਤਾਂ ਦਾ ਅੰਕੜਾ ਵੀ 1.63 ਲੱਖ ਤੱਕ ਪਹੁੰਚ ਗਿਆ ਹੈ। ਜੇ ਟੀਕਾਕਰਨ ਦੀ ਗੱਲ ਕਰੀਏ ਤਾਂ ਹੁਣ ਤੱਕ ਭਾਰਤ ਵਿੱਚ ਸਾਢੇ ਛੇ ਮਿਲੀਅਨ ਤੋਂ ਜ਼ਿਆਦਾ ਕੋਰੋਨਾ ਟੀਕੇ ਲਗਾਏ ਜਾ ਚੁੱਕੇ ਹਨ।
ਤੁਹਾਨੂੰ ਦੱਸ ਦੇਈਏ ਕਿ ਕਈ ਰਾਜਾਂ ਵਿੱਚ ਕੋਰੋਨਾ ਦੀ ਸਥਿਤੀ ਚਿੰਤਾਜਨਕ ਹੋ ਗਈ ਹੈ। ਇਸ ਕਾਰਨ ਸ਼ੁੱਕਰਵਾਰ ਨੂੰ ਕੈਬਨਿਟ ਸਕੱਤਰ ਦੁਆਰਾ ਇੱਕ ਮਹੱਤਵਪੂਰਨ ਬੈਠਕ ਬੁਲਾਈ ਗਈ ਹੈ। ਇਸ ਵਿੱਚ ਸਾਰੇ ਰਾਜਾਂ ਦੇ ਮੁੱਖ ਸਕੱਤਰ ਸ਼ਾਮਿਲ ਹੋਣਗੇ। ਬੈਠਕ ਵਿੱਚ ਕੋਰੋਨਾ ਟੀਕਾਕਰਨ ਅਤੇ ਵੱਧ ਰਹੇ ਮਾਮਲਿਆਂ ਬਾਰੇ ਵਿਚਾਰ ਵਟਾਂਦਰੇ ਹੋਣੇ ਹਨ। ਮਹਾਰਾਸ਼ਟਰ ਅਤੇ ਦਿੱਲੀ ਤੋਂ ਇਲਾਵਾ ਪਿੱਛਲੇ ਦਿਨੀਂ ਪੰਜਾਬ, ਗੁਜਰਾਤ, ਉੱਤਰ ਪ੍ਰਦੇਸ਼, ਕਰਨਾਟਕ, ਕੇਰਲ ਵਰਗੇ ਰਾਜਾਂ ਵਿੱਚ ਵੀ ਰਿਕਾਰਡ ਕੇਸ ਸਾਹਮਣੇ ਆਏ ਹਨ। ਕੇਂਦਰੀ ਸਿਹਤ ਮੰਤਰਾਲੇ ਦਾ ਕਹਿਣਾ ਹੈ ਕਿ ਕੋਰੋਨਾ ਦੇ 80 ਫੀਸਦੀ ਤੋਂ ਵੱਧ ਨਵੇਂ ਕੇਸ 8 ਰਾਜਾਂ ਤੋਂ ਆ ਰਹੇ ਹਨ, ਮਹਾਰਾਸ਼ਟਰ ਇਨ੍ਹਾਂ ਅੰਕੜਿਆਂ ਵਿੱਚ ਸਭ ਤੋਂ ਉੱਪਰ ਹੈ।