Cricketer manoj tiwari joins tmc : ਪੱਛਮੀ ਬੰਗਾਲ ਵਿੱਚ ਵਿਧਾਨ ਸਭਾ ਚੋਣਾਂ ਦੀਆਂ ਤਰੀਕਾਂ ਦਾ ਐਲਾਨ ਜਲਦ ਹੋਣ ਜਾ ਰਿਹਾ ਹੈ। ਬੰਗਾਲ ‘ਚ ਸੱਤਾਧਾਰੀ TMC ਅਤੇ ਕੇਂਦਰ ਦੇ ਵਿੱਚ ਸੱਤਾਧਾਰੀ BJP ਵਿਚਕਾਰ ਇਸ ਵਾਰ ਮੁੱਖ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਵਿਚਕਾਰ ਬੰਗਾਲ ਤੋਂ ਇੱਕ ਵੱਡੀ ਖਬਰ ਆ ਰਹੀ ਹੈ, ਜਿੱਥੇ ਕ੍ਰਿਕਟਰ ਮਨੋਜ ਤਿਵਾਰੀ ਅੱਜ ਸੱਤਾਧਾਰੀ ਤ੍ਰਿਣਮੂਲ ਕਾਂਗਰਸ ਵਿੱਚ ਸ਼ਾਮਿਲ ਹੋਏ ਹਨ। ਟੀਐਮਸੀ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਮਨੋਜ ਤਿਵਾਰੀ ਨੇ ਟਵੀਟ ਕਰਕੇ ਲੋਕਾਂ ਨੂੰ ਉਨ੍ਹਾਂ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਮਨੋਟ ਤਿਵਾਰੀ ਨੇ ਟਵਿੱਟਰ ‘ਤੇ ਲਿਖਿਆ,’ ‘ਅੱਜ ਤੋਂ ਇੱਕ ਨਵੀਂ ਯਾਤਰਾ ਸ਼ੁਰੂ ਹੋ ਰਹੀ ਹੈ। ਤੁਹਾਡੇ ਪਿਆਰ ਅਤੇ ਸਹਾਇਤਾ ਦੀ ਲੋੜ ਹੈ।” ਮਨੋਜ ਤਿਵਾਰੀ ਨੇ ਰਾਜਨੀਤੀ ਲਈ ਵੱਖਰਾ ਇੰਸਟਾਗ੍ਰਾਮ ਅਕਾਉਂਟ ਵੀ ਬਣਾਇਆ ਹੈ।
ਹਾਵੜਾ ਵਿੱਚ ਜਨਮੇ ਮਨੋਜ ਤਿਵਾਰੀ ਨੇ ਸਾਲ 2008 ਵਿੱਚ ਭਾਰਤੀ ਕ੍ਰਿਕਟ ਟੀਮ ਵਿੱਚ ਡੈਬਿਊ ਕੀਤਾ ਸੀ ਅਤੇ ਜੁਲਾਈ 2015 ਵਿੱਚ ਟੀਮ ਇੰਡੀਆ ਲਈ ਆਪਣਾ ਆਖਰੀ ਵਨਡੇ ਮੈਚ ਖੇਡਿਆ ਸੀ। ਤਿਵਾਰੀ ਨੇ ਭਾਰਤ ਲਈ 12 ਵਨਡੇ ਅਤੇ ਤਿੰਨ ਟੀ -20 ਮੈਚ ਖੇਡੇ ਹਨ। ਤਿਵਾਰੀ ਨੇ ਵਨਡੇ ਮੈਚਾਂ ਵਿੱਚ ਕੁੱਲ 287 ਦੌੜਾਂ ਬਣਾਈਆਂ ਹਨ। ਜਦਕਿ 35 ਸਾਲਾ ਮਨੋਜ ਤਿਵਾਰੀ ਨੇ ਟੀ -20 ਵਿੱਚ 15 ਦੌੜਾਂ ਬਣਾਈਆਂ ਹਨ। ਦੱਸ ਦੇਈਏ ਕਿ ਪੱਛਮੀ ਬੰਗਾਲ ਵਿੱਚ ਅਪ੍ਰੈਲ-ਮਈ ਦੇ ਮਹੀਨੇ ਵਿੱਚ ਵਿਧਾਨ ਸਭਾ ਚੋਣਾਂ ਹੋਣ ਦੀ ਸੰਭਾਵਨਾ ਹੈ। ਅਜਿਹੇ ਸਮੇਂ ਮਨੋਜ ਤਿਵਾਰੀ ਨੇ ਟੀਐਮਸੀ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ।