Cyclone Nisarga High tide: ਚੱਕਰਵਾਤੀ ਤੂਫ਼ਾਨ ਨਿਸਰਗ ਨੇ ਤੇਜ਼ ਰਫਤਾਰ ਫੜ੍ਹ ਲਈ ਹੈ। ਦੁਪਹਿਰ ਦੇ ਸਮੇਂ ਇਹ ਮਹਾਂਰਾਸ਼ਟਰ ਅਤੇ ਮੁੰਬਈ ਦੇ ਪਾਲਘਰ ਦੇ ਸਮੁੰਦਰੀ ਕੰਢੇ ਨਾਲ ਟਕਰਾਅ ਸਕਦਾ ਹੈ । ਮੌਸਮ ਵਿਭਾਗ ਦੇ ਅਨੁਸਾਰ ਚੱਕਰਵਾਤੀ ਤੂਫਾਨ ਦੀ ਹਵਾ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟੇ ਦੀ ਰਫਤਾਰ ‘ਤੇ ਪਹੁੰਚ ਗਈ ਹੈ । ਸਮੁੰਦਰ ਕੰਢੇ ਨਾਲ ਟਕਰਾਉਣ ਤੋਂ ਬਾਅਦ ਹਵਾ ਦੀ ਰਫ਼ਤਾਰ 120 ਕਿਲੋਮੀਟਰ ਪ੍ਰਤੀ ਘੰਟਾ ਦੀ ਹੋ ਸਕਦੀ ਹੈ. ਮੌਸਮ ਵਿਭਾਗ ਨੇ ਮੁੰਬਈ ਵਿੱਚ ਹਾਈ ਟਾਈਡ ਦੀ ਸੰਭਾਵਨਾ ਜ਼ਾਹਰ ਕੀਤੀ ਹੈ। ਵਿਭਾਗ ਤੋਂ ਮਿਲੀ ਜਾਣਕਾਰੀ ਦੇ ਅਨੁਸਾਰ ਅੱਜ ਰਾਤ 9:48 ਵਜੇ, ਮੁੰਬਈ ਵਿੱਚ ਹਾਈ ਟਾਈਡ ਦੀ ਚੇਤਾਵਨੀ ਦਿੱਤੀ ਗਈ ਹੈ । ਚੱਕਰਵਾਤ ਨਿਸਰਗ ਦੌਰਾਨ 100 ਤੋਂ 120 ਕਿਲੋਮੀਟਰ ਪ੍ਰਤੀ ਘੰਟਾ ਦੀ ਤੂਫਾਨੀ ਹਵਾਵਾਂ ਅਤੇ ਸਮੁੰਦਰ ਵਿੱਚ ਉੱਠਣ ਵਾਲੀਆਂ 6 ਫੁੱਟ ਉੱਚੀਆਂ ਲਹਿਰਾਂ ਮੁੰਬਈ ਨੂੰ ਪਾਣੀ-ਪਾਣੀ ਕਰ ਸਕਦੀਆਂ ਹਨ । ਇੱਥੇ, ਤੂਫਾਨ ਤੋਂ ਪਹਿਲਾਂ ਗੁਜਰਾਤ ਅਤੇ ਮਹਾਂਰਾਸ਼ਟਰ ਦੇ ਕਈ ਜ਼ਿਲ੍ਹਿਆਂ ਵਿੱਚ ਬਾਰਿਸ਼ ਸ਼ੁਰੂ ਹੋ ਗਈ ਹੈ।
ਮੁੰਬਈ ਮੌਸਮ ਵਿਭਾਗ (IMD) ਦੇ ਅਨੁਸਾਰ ਚੱਕਰਵਾਤੀ ਤੂਫਾਨ ਅਲੀਬਾਗ ਤੋਂ 140 ਕਿਲੋਮੀਟਰ ਅਤੇ ਮੁੰਬਈ ਤੋਂ 190 ਕਿਲੋਮੀਟਰ ਦੀ ਦੂਰੀ ‘ਤੇ ਹੈ । IMD ਅਨੁਸਾਰ ਇਹ ਦੁਪਹਿਰ 1 ਵਜੇ ਤੋਂ ਦੁਪਹਿਰ 3 ਵਜੇ ਦੇ ਵਿਚਕਾਰ 120 ਕਿਲੋਮੀਟਰ ਦੀ ਰਫਤਾਰ ਨਾਲ ਸਮੁੰਦਰੀ ਕੰਡੇ ਨਾਲ ਟਕਰਾ ਸਕਦਾ ਹੈ । ਤੂਫਾਨ ਦੇ ਦੌਰਾਨ 6 ਫੁੱਟ ਉੱਚੀਆਂ ਲਹਿਰਾਂ ਉੱਠ ਸਕਦੀਆਂ ਹਨ । ਹਾਲਾਂਕਿ, ਮੁੰਬਈ ਕੁਦਰਤ ਦੀ ਸਮੱਸਿਆ ਨਾਲ ਨਜਿੱਠਣ ਲਈ ਤਿਆਰ ਹੈ. 80 ਹਜ਼ਾਰ ਲੋਕਾਂ ਨੂੰ ਸੁਰੱਖਿਅਤ ਥਾਵਾਂ ‘ਤੇ ਪਹੁੰਚਾਇਆ ਗਿਆ ਹੈ ।
ਚੱਕਰਵਾਤ ਨਾਲ ਨਜਿੱਠਣ ਲਈ ਐਨਡੀਆਰਐਫ ਦੀਆਂ 20 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ । ਇਸ ਵਿੱਚ ਮੁੰਬਈ ਵਿੱਚ 8 ਟੀਮਾਂ, ਰਾਏਗੜ ਵਿੱਚ 5 ਟੀਮਾਂ, ਪਾਲਘਰ ਵਿੱਚ 2 ਟੀਮਾਂ, ਥਾਣੇ ਵਿੱਚ 2 ਟੀਮਾਂ, ਰਤਨਗਿਰੀ ਵਿੱਚ 2 ਟੀਮਾਂ ਅਤੇ ਸਿੰਧੂਦੁਰਗ ਵਿੱਚ 1 ਟੀਮ ਦੀ ਤਾਇਨਾਤੀ ਕੀਤੀ ਗਈ ਹੈ । ਦੋ ਹਫਤਿਆਂ ਵਿੱਚ ਦੇਸ਼ ਇੱਕ ਹੋਰ ਤੂਫਾਨ ਦਾ ਸਾਹਮਣਾ ਕਰ ਰਿਹਾ ਹੈ । ਇਸ ਤੋਂ ਪਹਿਲਾਂ ਅਮਫਾਨ ਨੇ ਪੱਛਮੀ ਬੰਗਾਲ ਅਤੇ ਓਡੀਸ਼ਾ ਵਿੱਚ ਤਬਾਹੀ ਮਚਾਈ ਸੀ ।
ਤੂਫਾਨ ਨਾਲ ਨਜਿੱਠਣ ਅਤੇ ਜਾਨ-ਮਾਲ ਦੇ ਨੁਕਸਾਨ ਨੂੰ ਰੋਕਣ ਲਈ ਮੁੰਬਈ ਵਿੱਚ ਢੁੱਕਵੇਂ ਪ੍ਰਬੰਧ ਕੀਤੇ ਗਏ ਹਨ । ਮੁੰਬਈ ਵਿੱਚ ਧਾਰਾ 144 ਲਾਗੂ ਕੀਤੀ ਗਈ ਹੈ । ਲੋਕਾਂ ਨੂੰ ਪਿਕਨਿਕ ਲਈ ਸਮੁੰਦਰੀ ਕੰਡੇ ‘ਤੇ ਜਾਣ ਤੋਂ ਰੋਕਿਆ ਗਿਆ ਹੈ । ਪਾਰਕਾਂ ਵਿੱਚ ਜਾਣ ‘ਤੇ ਪਾਬੰਦੀ ਹੈ. ਲੋਕਾਂ ਨੂੰ ਘਰਾਂ ਵਿੱਚ ਰਹਿਣ ਦੀ ਅਪੀਲ ਕੀਤੀ ਗਈ ਹੈ । ਦੱਸ ਦੇਈਏ ਕਿ ਐਨਡੀਆਰਐਫ, ਫਾਇਰ ਬ੍ਰਿਗੇਡ ਅਤੇ ਫੌਜ ਨੂੰ ਅਲਰਟ ‘ਤੇ ਰੱਖਿਆ ਗਿਆ ਹੈ । ਮੌਸਮ ਵਿਭਾਗ ਅਨੁਸਾਰ ਤੂਫਾਨ ਦਾ ਪ੍ਰਭਾਵ ਦਮਨ, ਦੀਯੂ ਅਤੇ ਦਾਦਰਾ ਨਗਰ ਹਵੇਲੀ ਵਿੱਚ ਸਭ ਤੋਂ ਵੱਧ ਰਹੇਗਾ । ਮੁੰਬਈ ਅਤੇ ਕੋਂਕਣ ਸਮੇਤ ਉੱਤਰੀ ਮਹਾਰਾਸ਼ਟਰ ਦੇ ਕਈ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋਣ ਦੀ ਚੇਤਾਵਨੀ ਹੈ । ਨਾਲ ਹੀ, ਦੱਖਣੀ ਗੁਜਰਾਤ ਦੇ ਬਹੁਤ ਸਾਰੇ ਇਲਾਕਿਆਂ ਵਿੱਚ ਤੂਫਾਨ ਦੇ ਪ੍ਰਭਾਵ ਦੀ ਸੰਭਾਵਨਾ ਹੈ ।