Cyclone Nisarga skips Mumbai: ਕੋਰੋਨਾ ਸੰਕਟ ਨਾਲ ਜੂਝ ਰਹੇ ਮਹਾਂਰਾਸ਼ਟਰ ਵਿੱਚ ਬੁੱਧਵਾਰ ਨੂੰ ਨਿਸਰਗ ਤੂਫ਼ਾਨ ਨੇ ਜ਼ਬਰਦਸਤ ਤਬਾਹੀ ਮਚਾਈ । ਅਲੀਬਾਗ ਵਿੱਚ ਬੁੱਧਵਾਰ ਦੁਪਹਿਰ ਇਹ ਤੂਫਾਨ ਟਕਰਾਇਆ ਸੀ । ਨਿਸਰਗ ਨੇ ਆਪਣਾ ਪ੍ਰਭਾਵ ਤਿੰਨ ਘੰਟੇ ਜਾਰੀ ਰੱਖਿਆ, ਫਿਰ ਇਸ ਦਾ ਰਵੱਈਆ ਢਿੱਲਾ ਪੈ ਗਿਆ ਅਤੇ ਇਸ ਤਰ੍ਹਾਂ ਮੁੰਬਈ ਦੇ ਲੋਕਾਂ ਨੇ ਸੁੱਖ ਦਾ ਸਾਹ ਲਿਆ । ਹਾਲਾਂਕਿ ਤੂਫਾਨ ਦੀ ਚਪੇਟ ਵਿੱਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ ।
ਪੁਲਿਸ ਅਨੁਸਾਰ ਨਿਸਰਗ ਤੂਫਾਨ ਦੀ ਚਪੇਟ ਵਿੱਚ ਆਉਣ ਕਾਰਨ ਤਿੰਨ ਲੋਕਾਂ ਦੀ ਮੌਤ ਹੋ ਗਈ ਹੈ । ਇਨ੍ਹਾਂ ਵਿੱਚੋਂ ਦੋ ਮੌਤਾਂ ਪੁਣੇ ਵਿੱਚ ਅਤੇ ਇੱਕ ਮੌਤ ਰਾਏਗੜ ਜ਼ਿਲ੍ਹੇ ਵਿੱਚ ਹੋਈ ਹੈ । ਅਲੀਬਾਗ ਵਿੱਚ ਟਕਰਾਉਣ ਸਮੇਂ ਨਿਸਰਗ ਦੀ ਰਫਤਾਰ 110 ਕਿਲੋਮੀਟਰ ਪ੍ਰਤੀ ਘੰਟਾ ਸੀ, ਪਰ ਜਿਵੇਂ ਹੀ ਤੂਫਾਨ ਵਧਦਾ ਗਿਆ, ਇਸਦੀ ਗਤੀ ਘਟਦੀ ਗਈ. ਮੁੰਬਈ ਵਿੱਚ ਤੂਫਾਨ ਦੀ ਰਫਤਾਰ 25 ਕਿਲੋਮੀਟਰ ਪ੍ਰਤੀ ਘੰਟਾ ਸੀ ।
ਹਾਲਾਂਕਿ ਨਿਸਰਗ ਨੇ ਮੁੰਬਈ ਵਿੱਚ ਤਬਾਹੀ ਨਹੀਂ ਮਚਾਈ, ਪਰ ਇਸ ਨੇ ਮਹਾਰਾਸ਼ਟਰ ਦੇ ਪਾਲਘਰ ਅਤੇ ਰਾਏਗੜ ਜ਼ਿਲ੍ਹਿਆਂ ਵਿੱਚ ਭਾਰੀ ਤਬਾਹੀ ਮਚਾਈ ਹੈ । ਤੇਜ਼ ਹਵਾਵਾਂ, ਭਾਰੀ ਮੀਂਹ ਕਾਰਨ ਕੁਝ ਥਾਵਾਂ ‘ਤੇ ਛੱਤਾਂ ‘ਤੇ ਲਗਾਏ ਗਏ ਟੀਨ ਦੀਆਂ ਛੱਤਾਂ ਉੱਡ ਗਈਆਂ। ਰੁੱਖ ਅਤੇ ਬਿਜਲੀ ਦੇ ਖੰਬੇ ਵੀ ਜੜੋਂ ਉਖੜ ਗਏ । ਸਮੁੰਦਰ ਵਿੱਚ 6-8 ਫੁੱਟ ਦੀਆਂ ਲਹਿਰਾਂ ਉੱਠ ਰਹੀਆਂ ਸਨ ।
ਇਸ ਤੂਫ਼ਾਨ ਤੋਂ ਬਾਅਦ ਮਹਾਂਰਾਸ਼ਟਰ ਦੇ ਸੀਐਮ ਊਧਵ ਠਾਕਰੇ ਨੇ ਕਿਹਾ ਕਿ ਉਨ੍ਹਾਂ ਸਾਰਿਆਂ ਦਾ ਧੰਨਵਾਦ ਜਿਨ੍ਹਾਂ ਨੇ ਕੁਦਰਤੀ ਚੱਕਰਵਾਤ ਦਾ ਸਾਹਮਣਾ ਕੀਤਾ, ਉਹ ਵੀ ਜਦੋਂ ਮਹਾਰਾਸ਼ਟਰ ਕੋਰੋਨਾ ਨਾਲ ਲੜ ਰਿਹਾ ਹੈ । ਅਸੀਂ ਸਾਰੇਂ ਨੇ ਨਿਸਰਗ ਤੂਫਾਨ ਕਾਰਨ ਹੋਣ ਵਾਲੇ ਨੁਕਸਾਨ ਨੂੰ ਘਟਾ ਦਿੱਤਾ । ਲੋਕਾਂ ਅਤੇ ਪ੍ਰਸ਼ਾਸਨ ਨੇ ਸਖਤ ਮਿਹਨਤ ਕੀਤੀ ਅਤੇ ਤੂਫਾਨ ਦੀ ਗਤੀ ਘੱਟ ਗਈ ।