Cyclone Nivar likely to turn very severe: ਬੰਗਾਲ ਦੀ ਖਾੜੀ ਵਿੱਚ ਸਰਗਰਮ ਹੋਇਆ ਤੂਫਾਨ ਨਿਵਾਰ ਅੱਜ ਤਾਮਿਲਨਾਡੂ ਦੇ ਤੱਟ ਨਾਲ ਟਕਰਾਉਣ ਵਾਲਾ ਹੈ । ਮੌਸਮ ਵਿਭਾਗ ਅਨੁਸਾਰ ਅੱਜ ਸ਼ਾਮ 5:30 ਵਜੇ ਤੋਂ ਪਹਿਲਾਂ 145-150 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਤੂਫ਼ਾਨ ਆ ਸਕਦਾ ਹੈ, ਪਰ ਜੇ ਇਸ ਵਿੱਚ ਦੇਰੀ ਹੁੰਦੀ ਹੈ ਤਾਂ ਇਹ ਤੂਫਾਨ ਕਮਜ਼ੋਰ ਹੋ ਜਾਵੇਗਾ ਅਤੇ ਲੋਕਾਂ ਨੂੰ ਰਾਹਤ ਮਿਲੇਗੀ। ਫਿਲਹਾਲ ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਵਿੱਚ ਤੂਫਾਨ ਤੋਂ ਪਹਿਲਾਂ ਬਾਰਿਸ਼ ਹੋ ਰਹੀ ਹੈ।
ਚੇੱਨਈ ਵਿੱਚ ਕੁੱਲ 129 ਰਾਹਤ ਕੈਂਪ ਸਥਾਪਿਤ ਕੀਤੇ ਗਏ ਹਨ । ਇਸ ਦੇ ਨਾਲ ਹੀ 8 ਰਾਹਤ ਕੇਂਦਰਾਂ ‘ਤੇ 312 ਲੋਕ ਪਹਿਲਾਂ ਹੀ ਪਨਾਹ ਲੈ ਚੁੱਕੇ ਹਨ । ਤਾਮਿਲਨਾਡੂ, ਆਂਧਰਾ ਪ੍ਰਦੇਸ਼ ਅਤੇ ਪੁਡੂਚੇਰੀ ਦੇ ਤੱਟਵਰਤੀ ਇਲਾਕਿਆਂ ਵਿੱਚ ਮੰਗਲਵਾਰ ਤੋਂ ਬਾਰਿਸ਼ ਸ਼ੁਰੂ ਹੋ ਚੁੱਕੀ ਹੈ । ਇਹ ਤੂਫਾਨ ਅੱਜ ਸ਼ਾਮ 5.30 ਵਜੇ ਤੋਂ ਪਹਿਲਾਂ ਕਦੇ ਵੀ ਮਮਲਲਾਪੁਰਮ ਅਤੇ ਕੈਰਾਕਲ ਦੇ ਵਿਚਕਾਰ ਸਮੁੰਦਰੀ ਕੰਢੇ ਨਾਲ ਟਕਰਾਏਗਾ। ਤੂਫ਼ਾਨ ਦੇ ਆਉਣ ਤੋਂ ਪਹਿਲਾਂ ਸੈਟੇਲਾਈਟ ਨੂੰ ਜੋ ਸੰਦੇਸ਼ ਮਿਲ ਰਹੇ ਹਨ, ਉਸ ਅਨੁਸਾਰ ਹਵਾਵਾਂ ਦੀ ਗਤੀ 100 ਕਿਲੋਮੀਟਰ ਤੋਂ ਉਪਰ ਰਹੇਗੀ, ਇਹ ਲਗਭਗ 150 ਕਿਲੋਮੀਟਰ ਪ੍ਰਤੀ ਘੰਟਾ ਤੱਕ ਜਾ ਸਕਦੀ ਹੈ।
ਜੇਕਰ ਇੱਥੇ ਤਾਮਿਲਨਾਡੂ ਦੀ ਗੱਲ ਕੀਤੀ ਜਾਵੇ ਤਾਂ ਇੱਥੇ ਕਿਸੇ ਇਲਾਕੇ ਵਿੱਚ ਮੀਂਹ ਜਾਰੀ ਹੈ ਤੇ ਕਿਤੇ ਬੱਦਲ ਛਾਏ ਹੋਏ ਹਨ । ਮਛੇਰਿਆਂ ਨੇ ਆਪਣੀਆਂ ਕਿਸ਼ਤੀਆਂ ਬਾਹਰ ਕੱਢ ਲਈਆਂ ਹਨ, ਮਛੇਰਿਆਂ ਦਾ ਸਮਾਨ ਸੁਰੱਖਿਅਤ ਬੇਸਾਂ ‘ਤੇ ਲਿਜਾਣ ਲਈ ਜੇਸੀਬੀ ਦੀ ਮਦਦ ਵੀ ਲਈ ਜਾ ਰਹੀ ਹੈ। ਇਸ ਸਾਲ ਬੰਗਾਲ ਦੀ ਖਾੜੀ ਇੱਕ ਬਵਾਲ ਬਣ ਗਈ ਹੈ। ਜ਼ਿਕਰਯੋਗ ਹੈ ਕਿ ਇਸੇ ਸਾਲ 21 ਮਈ ਨੂੰ ਐਮਫੋਨ ਤੂਫਾਨ ਬੰਗਾਲ ਦੀ ਖਾੜੀ ਤੋਂ ਉੱਠਿਆ ਸੀ, ਉਦੋਂ ਪੱਛਮੀ ਬੰਗਾਲ ਅਤੇ ਉੜੀਸਾ ਵਿੱਚ ਜ਼ਿਆਦਾ ਨੁਕਸਾਨ ਹੋਇਆ ਸੀ। ਇਸ ਵਾਰ ਤੂਫਾਨ ਦਾ ਨਿਸ਼ਾਨਾ ਤਾਮਿਲਨਾਡੂ, ਆਂਧਰਾ ਪ੍ਰਦੇਸ਼, ਪੁਡੂਚੇਰੀ ਅਤੇ ਤੇਲੰਗਾਨਾ ਹੈ ।
ਦੱਸਿਆ ਜਾ ਰਿਹਾ ਹੈ ਕਿ ਤਾਮਿਲਨਾਡੂ ਦੇ ਪੁਡੁਕੋਟਾਈ, ਨਾਗਾਪੱਟਿਨਮ, ਕੁਡਾਲੋਰ, ਵਿਲੁਪੁਰਮ, ਥੰਜਾਵੂਰ, ਚੇਂਗਾਲਪੇਟ, ਅਰਿਆਲੂਰ, ਪੇਰਮਬਲੂਰ, ਕਲਕੁਰੁਚੀ, ਤਿਰੂਵਨਮਲਾਈ ਅਤੇ ਤਿਰੂਵੱਲੂਰ ਤੂਫਾਨ ਦਾ ਵੱਧ ਤੋਂ ਵੱਧ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ । ਇਸ ਤੋਂ ਇਲਾਵਾ ਗੁਆਂਢੀ ਕੇਂਦਰ ਸ਼ਾਸਤ ਪ੍ਰਦੇਸ਼ ਪੁਡੁਚੇਰੀ ਅਤੇ ਕਰਾਈਕਲ ਨੂੰ ਵੀ ਹਾਈ ਅਲਰਟ ‘ਤੇ ਰੱਖਿਆ ਗਿਆ ਹੈ । ਜੇ ਇਸ ਤੂਫਾਨ ਨੇ ਭਿਆਨਕ ਰੂਪ ਧਾਰ ਲਿਆ ਤਾਂ ਇਹ ਖਦਸ਼ਾ ਹੈ ਕਿ ਇਹ ਤੱਟਵਰਤੀ ਆਂਧਰਾ ਪ੍ਰਦੇਸ਼, ਕਰਨਾਟਕ ਦੇ ਦੱਖਣੀ ਅੰਦਰੂਨੀ ਹਿੱਸੇ ਅਤੇ ਓਡੀਸ਼ਾ ਦੇ ਦੱਖਣੀ ਇਲਾਕਿਆਂ ਨੂੰ ਪ੍ਰਭਾਵਿਤ ਕਰ ਸਕਦਾ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਜਾਂ ਵੀਰਵਾਰ ਨੂੰ ਦੱਖਣੀ ਤੱਟਵਰਤੀ ਆਂਧਰਾ ਪ੍ਰਦੇਸ਼ ਅਤੇ ਰਾਇਲਸੀਮਾ ਵਿੱਚ ਕਈ ਥਾਵਾਂ ‘ਤੇ ਭਾਰੀ ਬਾਰਿਸ਼ ਹੋ ਸਕਦੀ ਹੈ। ਚੱਕਰਵਾਤੀ ਤੂਫ਼ਾਨ ਨਿਵਾਰ ਬੁੱਧਵਾਰ ਸ਼ਾਮ ਨੂੰ ਕਰਾਈਕਲ ਅਤੇ ਮਮਲਲਾਪੁਰਮ ਦੇ ਵਿਚਕਾਰ ਤਾਮਿਲਨਾਡੂ ਅਤੇ ਪੁਡੂਚੇਰੀ ਦੇ ਕੰਢਿਆਂ ਨੂੰ ਪਾਰ ਕਰ ਸਕਦਾ ਹੈ।
ਇਹ ਵੀ ਦੇਖੋ: ਖੇਤੀ ਕਾਨੂੰਨਾਂ ਨੂੰ ਰੱਦ ਕਰਾਉਣ ਲਈ BKU ਸਿੱਧੂਪੁਰ ਦਾ ਪਹਿਲਾ ਜੱਥਾ ਦਿੱਲੀ ਲਈ ਰਵਾਨਾ