Cyclone Tauktae Impact: ਚੱਕਰਵਾਤੀ ਤੂਫਾਨ ਤੌਕਤੇ ਦਾ ਪ੍ਰਭਾਵ ਹੁਣ ਉੱਤਰ ਭਾਰਤ ਦੇ ਮੌਸਮ ‘ਤੇ ਸਾਫ ਦਿਖਾਈ ਦੇ ਰਿਹਾ ਹੈ। ਅਜਿਹੀ ਸਥਿਤੀ ਵਿੱਚ ਅੱਜ ਦਿੱਲੀ, ਹਰਿਆਣਾ, ਰਾਜਸਥਾਨ ਅਤੇ ਯੂਪੀ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈ।
ਦਰਅਸਲ, ਤੂਫਾਨ ਤੌਕਤੇ ਗੁਜਰਾਤ ਤੋਂ ਰਾਜਸਥਾਨ ਵੱਲ ਤਬਦੀਲ ਹੋ ਗਿਆ ਹੈ, ਜਿਸ ਕਾਰਨ ਰਾਜਸਥਾਨ ਵਿੱਚ ਦਬਾਅ ਦਾ ਖੇਤਰ ਬਣ ਗਿਆ ਹੈ। ਮੌਸਮ ਵਿਭਾਗ ਦੇ ਅਨੁਸਾਰ ਅੱਜ ਅਤੇ ਕੱਲ ਯਾਨੀ 19 ਅਤੇ 20 ਮਈ ਨੂੰ ਇਸ ਦਾ ਅਸਰ ਉੱਤਰ ਭਾਰਤ ਦੇ ਮੌਸਮ ਉੱਤੇ ਵੇਖਣ ਨੂੰ ਮਿਲੇਗਾ।
ਦਰਅਸਲ, ਇਸਦੇ ਪ੍ਰਭਾਵ ਹੇਠ ਰਾਜਧਾਨੀ ਦਿੱਲੀ ਸਣੇ ਐਨਸੀਆਰ ਦੇ ਕਈ ਹਿੱਸਿਆਂ ਵਿੱਚ ਹਲਕੀ ਬਾਰਿਸ਼ ਹੋਈ ਹੈ । ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ ਵਿੱਚ ਰਾਤ ਤੋਂ ਬਾਰਿਸ਼ ਸਿਲਸਿਲਾ ਜਾਰੀ ਹੈ । ਹਰਿਆਣਾ ਅਤੇ ਰਾਜਸਥਾਨ ਦੇ ਕਈ ਹਿੱਸਿਆਂ ਵਿੱਚ ਵੀ ਬੱਦਲਵਾਈ ਹੈ । ਮੌਸਮ ਵਿਭਾਗ ਨੇ ਸਵੇਰੇ 6.30 ਵਜੇ ਜਾਰੀ ਅਪਡੇਟ ਵਿੱਚ ਕਿਹਾ ਸੀ ਕਿ ਇਨ੍ਹਾਂ ਰਾਜਾਂ ਦੇ ਕਈ ਜ਼ਿਲ੍ਹਿਆਂ ਵਿੱਚ ਅਗਲੇ ਦੋ ਦਿਨਾਂ ਵਿੱਚ ਬਾਰਿਸ਼ ਹੋਵੇਗੀ ।
ਮੌਸਮ ਵਿਭਾਗ ਦੇ ਅਨੁਸਾਰ ਅੱਜ ਪੂਰੀ ਦਿੱਲੀ, NCR, ਪਾਣੀਪਤ, ਗਨੌਰ, ਸੋਨੀਪਤ, ਗੋਹਾਨਾ ਅਤੇ ਆਸ-ਪਾਸ ਦੇ ਇਲਾਕਿਆਂ ਵਿੱਚ ਹਲਕੀ ਤੋਂ ਦਰਮਿਆਨੀ ਤੀਬਰਤਾ ਨਾਲ ਬਾਰਿਸ਼ ਹੋਵੇਗੀ । ਇਸ ਦੌਰਾਨ ਤੇਜ਼ ਹਵਾਵਾਂ ਚੱਲਣਗੀਆਂ ਜਿਨ੍ਹਾਂ ਦੀ ਰਫਤਾਰ 30 ਤੋਂ 40 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ।
ਦੱਸ ਦੇਈਏ ਕਿ ਮੌਸਮ ਵਿਭਾਗ ਦੇ ਅਨੁਸਾਰ ਹਿਮਾਚਲ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੱਛਮੀ ਉੱਤਰ ਪ੍ਰਦੇਸ਼, ਉਤਰਾਖੰਡ ਦੇ ਵੱਖ-ਵੱਖ ਥਾਵਾਂ ਤੇ ਭਾਰੀ ਤੋਂ ਬਹੁਤ ਭਾਰੀ ਬਾਰਿਸ਼ ਹੋ ਸਕਦੀ ਹੈ।
ਇਸ ਤੋਂ ਇਲਾਵਾ ਪੰਜਾਬ, ਪੂਰਬੀ ਉੱਤਰ ਪ੍ਰਦੇਸ਼ ਅਤੇ ਉੱਤਰੀ ਰਾਜਸਥਾਨ ਵਿੱਚ ਕੁਝ ਥਾਵਾਂ ‘ਤੇ ਭਾਰੀ ਬਾਰਿਸ਼ ਹੋ ਸਕਦੀ ਹੈ । ਮੌਸਮ ਵਿਭਾਗ ਨੇ ਮੰਗਲਵਾਰ ਨੂੰ ਦੱਸਿਆ ਸੀ ਕਿ ਤੌਕਤੇ ਚੱਕਰਵਾਤ ਦੇ ਹੋਰ ਕਮਜ਼ੋਰ ਹੋਣ ਦੇ ਨਾਲ ਹੀ ਅਗਲੇ ਦੋ ਦਿਨਾਂ ਦੌਰਾਨ ਦਿੱਲੀ-ਐਨਸੀਆਰ ਸਮੇਤ ਉੱਤਰ ਭਾਰਤ ਦੇ ਵੱਖ-ਵੱਖ ਹਿੱਸਿਆਂ ਵਿੱਚ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।