daud’s land will be auctioned off: ਮੁੰਬਈ- ਅੰਡਰਵਰਲਡ ਡੌਨ ਦਾਊਦ ਇਬਰਾਹਿਮ ਕਾਸਕਰ ਦੇ ਪੁਰਖਿਆਂ ਦੇ ਪਿੰਡ ਮਹਾਰਾਸ਼ਟਰ ਦੇ ਰਤਨਾਗਿਰੀ ਜ਼ਿਲੇ ਦੀ ਖੇੜ ਤਹਿਸੀਲ ਦੀ ਜਾਇਦਾਦ ਹੁਣ ਨਿਲਾਮ ਹੋਵੇਗੀ। ਸਮਗਲਰ ਅਤੇ ਵਿਦੇਸ਼ੀ ਮੁਦਰਾ ਦੀ ਹੇਰਾਫੇਰੀ (SAFEMA) ਏਜੰਸੀ ਡੌਨ ਦਾਊਦ ਦੀ ਜਾਇਦਾਦ ਦੀ ਨਿਲਾਮੀ ਕਰਨ ਜਾ ਰਹੀ ਹੈ। 10 ਨਵੰਬਰ ਨੂੰ, ਨਿਲਾਮੀ ਦੀ ਇਹ ਪ੍ਰਕਿਰਿਆ ਈ-ਆਕਸ਼ਨ ਦੁਆਰਾ ਕੀਤੀ ਜਾਏਗੀ। ਦਾਊਦ ਇਬਰਾਹਿਮ ਦੀਆਂ ਇਹ ਸਾਰੀਆਂ ਸੰਪੱਤੀਆਂ ਰਤਨਾਗਿਰੀ ਦੀ ਖੇੜ ਤਹਿਸੀਲ ਵਿੱਚ ਹਨ। ਦਾਊਦ ਦੀ ਜ਼ਮੀਨ ਅਤੇ ਇੱਕ ਘਰ ਨਿਲਾਮ ਹੋਵੇਗਾ। SAFEMA ਦੇ ਅਧਿਕਾਰੀ ਨੇ ਦੱਸਿਆ ਕਿ ਇਸ ਨਿਲਾਮੀ ਵਿੱਚ ਬੋਲੀਕਾਰ 2 ਨਵੰਬਰ ਨੂੰ ਜਾਇਦਾਦ ਦਾ ਨਿਰੀਖਣ ਕਰ ਸਕਦੇ ਹਨ। 6 ਨਵੰਬਰ ਤੱਕ ਬਿਨੈ ਕਰਨ ਦੀ ਪ੍ਰਕਿਰਿਆ ਪੂਰੀ ਹੋ ਜਾਵੇਗੀ ਅਤੇ ਬੋਲੀਕਾਰ ਰਾਹੀਂ ਡਿਪੋਜੇਟ ਜਮ੍ਹਾਂ ਕਰਵਾਇਆ ਜਾਏਗਾ ਅਤੇ ਇਹ ਨਿਲਾਮੀ ਪ੍ਰਕ੍ਰਿਆ 10 ਨਵੰਬਰ ਨੂੰ ਈ-ਨਿਲਾਮੀ, ਟੈਂਡਰਿੰਗ ਅਤੇ ਜਨਤਕ ਬੋਲੀ ਰਾਹੀਂ ਪੂਰੀ ਕੀਤੀ ਜਾਏਗੀ।
SAFEMA ਅਧਿਕਾਰੀ ਨੇ ਦੱਸਿਆ ਕਿ ਦਾਊਦ ਦੇ ਨਾਲ ਉਸ ਦੇ ਗੁਰਗੇ, ਡਰੱਗ ਮਾਫੀਆ ਇਕਬਾਲ ਮਿਰਚੀ ਦੀਆਂ ਮੁੰਬਈ ਦੀਆਂ 2 ਜਾਇਦਾਦਾਂ ਦੀ ਵੀ ਨਿਲਾਮੀ ਕੀਤੀ ਜਾਏਗੀ। ਇਹ ਦੋਵੇਂ ਸੰਪਤੀਆਂ ਸੈਂਟਾਕਰੂਜ਼ ਵਿੱਚ ਰਿਹਾਇਸ਼ੀ ਇਮਾਰਤ ਦੇ ਅੰਦਰ 2 ਫਲੈਟ ਹਨ, ਜਿਹਨਾਂ ਦੀ ਕੀਮਤ ਲੱਖਾਂ ‘ਚ ਹੈ। ਇਨ੍ਹਾਂ ਦੋਵਾਂ ਫਲੈਟਾਂ ਦਾ ਖੇਤਰਫਲ 1245 ਵਰਗ ਫੁੱਟ ਦੱਸਿਆ ਜਾਂਦਾ ਹੈ ਅਤੇ ਕੀਮਤ ਲੱਗਭਗ 3 ਕਰੋੜ 45 ਲੱਖ ਰੁਪਏ ਹੈ। ਜਾਣਕਾਰੀ ਅਨੁਸਾਰ ਦਾ ਦਾਊਦ ਅਤੇ ਇਕਬਾਲ ਮਿਰਚੀ ਦੀ ਜਾਇਦਾਦ ਨੂੰ ਵੀਡੀਓ ਕਾਨਫਰੰਸਿੰਗ ਪ੍ਰਕਿਰਿਆ ਰਾਹੀਂ ਨਿਲਾਮ ਕੀਤਾ ਜਾਵੇਗਾ। ਪਿੱਛਲੇ ਸਾਲ ਅਪ੍ਰੈਲ ‘ਚ SAFEMA ਨੇ ਦਾਊਦ ਦੀ ਭੈਣ ਹਸੀਨਾ ਪਾਰਕਰ ਦੇ ਨਾਂ ‘ਤੇ 600 ਵਰਗ ਫੁੱਟ ਫਲੈਟ ਦੀ ਨਿਲਾਮੀ ਕੀਤੀ ਸੀ ਅਤੇ ਇਸਨੂੰ 18 ਲੱਖ ਵਿੱਚ ਵੇਚਿਆ ਗਿਆ ਸੀ। 90 ਦੇ ਦਹਾਕੇ ‘ਚ ਤਸਕਰੀ, ਜਬਰਦਸਤੀ, ਅੱਤਵਾਦੀ ਗਤੀਵਿਧੀਆਂ, ਨਕਲੀ ਨੋਟ ਛਾਪਣ, ਨਸ਼ੇ, ਗੈਰਕਾਨੂੰਨੀ ਹਥਿਆਰਾਂ ਦੀ ਤਸਕਰੀ, ਰੀਅਲ ਅਸਟੇਟ, ਗੁਟਖਾ, ਹੋਟਲ ਕਾਰੋਬਾਰ ਅਤੇ ਹੋਰ ਕਾਲੇ ਕਾਰੋਬਾਰਾਂ ਰਾਹੀਂ ਭਾਵੇਂ ਦਾਊਦ ਇਬਰਾਹਿਮ ਨੇ ਪਾਕਿਸਤਾਨ, ਯੂਏਈ, ਤੁਰਕੀ ਅਤੇ ਦੁਨੀਆ ਦੇ ਹੋਰ ਦੇਸ਼ਾਂ ਵਿੱਚ ਅਰਬਾਂ ਦੀ ਜਾਇਦਾਦ ਤਾਂ ਬਣਾ ਲਈ ਹੈ, ਪਰ ਉਸ ਦੇ ਪਿੰਡ ਦੇ ਪੁਰਖਿਆਂ ਦੀ ਜਾਇਦਾਦ, ਉਸ ਦਾ ਬੰਗਲਾ, ਖੇਤੀਬਾੜੀ ਵਾਲੀ ਜ਼ਮੀਨ ਹੁਣ ਨਿਲਾਮੀ ਦੀ ਕਗਾਰ ‘ਤੇ ਹੈ।