Deep Sidhu police remand: ਨਵੀਂ ਦਿੱਲੀ: 26 ਜਨਵਰੀ ਨੂੰ ਰਾਜਧਾਨੀ ਦਿੱਲੀ ਵਿੱਚ ਹੋਈ ਘਟਨਾ ਨੂੰ ਲੈ ਕੇ ਗ੍ਰਿਫਤਾਰ ਕੀਤੇ ਗਏ ਦੀਪ ਸਿੱਧੂ ਦੀ 7 ਦਿਨਾਂ ਦੀ ਪੁਲਿਸ ਰਿਮਾਂਡ ਅੱਜ ਖਤਮ ਹੋ ਰਹੀ ਹੈ। ਅੱਜ ਦੀਪ ਸਿੱਧੂ ਨੂੰ ਤੀਸ ਹਜ਼ਾਰੀ ਕੋਰਟ ਵਿੱਚ ਪੇਸ਼ ਕੀਤਾ ਜਾਵੇਗਾ। ਮੰਨਿਆ ਜਾ ਰਿਹਾ ਹੈ ਕਿ ਅੱਜ ਪੁਲਿਸ ਵੱਲੋਂ ਫਿਰ ਅਦਾਲਤ ਤੋਂ ਰਿਮਾਂਡ ਦੀ ਮੰਗ ਕੀਤੀ ਜਾਵੇਗੀ ।
ਲਾਲ ਕਿਲ੍ਹੇ ‘ਤੇ ਵਾਪਰੀ ਘਟਨਾ ਦੀ ਜਾਂਚ ਅਜੇ ਵੀ ਜਾਰੀ ਹੈ ਅਤੇ ਇਸ ਮਾਮਲੇ ਵਿੱਚ ਕਈਆਂ ਦੀ ਗ੍ਰਿਫਤਾਰੀ ਵੀ ਹੋਣੀ ਅਜੇ ਬਾਕੀ ਹੈ। ਅਜਿਹੇ ਵਿੱਚ ਪੁਲਿਸ ਅਦਾਲਤ ਵਿੱਚ ਇਹ ਦਲੀਲ ਦੇ ਕੇ ਦੀਪ ਸਿੱਧੂ ਦੇ ਮੁੜ ਰਿਮਾਂਡ ਦੀ ਮੰਗ ਕਰ ਸਕਦੀ ਹੈ । ਦੀਪ ਸਿੱਧੂ ਨੂੰ 8 ਫਰਵਰੀ ਦੀ ਰਾਤ ਨੂੰ ਹਰਿਆਣਾ ਦੇ ਕਰਨਾਲ ਬਾਈਪਾਸ ਤੋਂ ਗ੍ਰਿਫਤਾਰ ਕੀਤਾ ਗਿਆ ਸੀ । ਦੀਪ ਸਿੱਧੂ ਨੂੰ ਅਦਾਲਤ ਨੇ 9 ਫਰਵਰੀ ਨੂੰ ਸੱਤ ਦਿਨਾਂ ਦੀ ਪੁਲਿਸ ਹਿਰਾਸਤ ਵਿੱਚ ਭੇਜ ਦਿੱਤਾ ਸੀ। ਪੁਲਿਸ ਨੇ ਇਹ ਕਹਿੰਦੇ ਹੋਏ 10 ਦਿਨਾਂ ਦੀ ਹਿਰਾਸਤ ਦੀ ਮੰਗ ਕੀਤੀ ਸੀ ਕਿ ਅਜਿਹੀਆਂ ਵੀਡਿਓਜ਼ ਹਨ ਜਿਨ੍ਹਾਂ ਵਿੱਚ ਸਿੱਧੂ ਨੂੰ ਕਥਿਤ ਤੌਰ ‘ਤੇ ਘਟਨਾ ਸਥਾਨ ‘ਤੇ ਦੇਖਿਆ ਜਾ ਸਕਦਾ ਹੈ।
ਇਸ ਤੋਂ ਇਲਾਵਾ ਸਿੱਧੂ ਖਿਲਾਫ ਭਾਰਤੀ ਦੰਡ ਸੰਹਿਤਾ ਦੀਆਂ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ । ਗਣਤੰਤਰ ਦਿਵਸ ਵਾਲੇ ਦਿਨ ਰਾਸ਼ਟਰੀ ਰਾਜਧਾਨੀ ਵਿੱਚ ਕਿਸਾਨਾਂ ਦੀ ਟਰੈਕਟਰ ਪਰੇਡ ਦੌਰਾਨ ਕਿਸਾਨਾਂ ਅਤੇ ਪੁਲਿਸ ਮੁਲਾਜ਼ਮਾਂ ਵਿੱਚ ਝੜਪ ਹੋ ਗਈ ਸੀ । ਇਸ ਦੌਰਾਨ ਕੁਝ ਪ੍ਰਦਰਸ਼ਨਕਾਰੀ ਟਰੈਕਟਰ ਲੈ ਕੇ ਲਾਲ ਕਿਲ੍ਹੇ ਪਹੁੰਚੇ ਸਨ ।
ਇਹ ਵੀ ਦੇਖੋ: 3 ਕੋਠੀਆਂ ਅਤੇ ਕਰੋੜਾਂ ਦੀ ਮਾਲਕਣ ਬੀਬੀ ਨੇ ਕਿਰਨ ਖੇਰ ਸਣੇ ਠੋਕੇ ਕਈ ਰਈਸ ਪਰਿਵਾਰ, ਰੱਜ ਕੇ ਕੀਤੀ ਬੇਜ਼ਤੀ