Defence Minister Rajnath Singh: ਨਵੀਂ ਦਿੱਲੀ: ਰੱਖਿਆ ਮੰਤਰੀ ਰਾਜਨਾਥ ਸਿੰਘ ਸੋਮਵਾਰ ਯਾਨੀ ਕਿ ਅੱਜ ‘ਸਵੈ-ਨਿਰਭਰ ਭਾਰਤ ਹਫ਼ਤੇ’ ਸ਼ੁਰੂਆਤ ਕਰਨਗੇ। ਰੱਖਿਆ ਮੰਤਰਾਲੇ ਵੱਲੋਂ ਇੱਕ ਅਧਿਕਾਰਕ ਬਿਆਨ ਵਿੱਚ ਇਹ ਜਾਣਕਾਰੀ ਦਿੱਤੀ ਗਈ। ਰੱਖਿਆ ਮੰਤਰੀ ਦਫ਼ਤਰ ਨੇ ਐਤਵਾਰ ਦੇਰ ਰਾਤ ਟਵੀਟ ਕਰ ਕਿਹਾ ਕਿ ਪ੍ਰੋਗਰਾਮ ਦਾ ਆਯੋਜਨ ਦੁਪਹਿਰ ਨੂੰ 3:30 ਵਜੇ ਹੋਵੇਗਾ।
ਇਸ ਤੋਂ ਪਹਿਲਾਂ ਰਾਜਨਾਥ ਸਿੰਘ ਨੇ ਐਤਵਾਰ ਨੂੰ ਡਿਜੀਟਲ ਮਾਧਿਅਮ ਰਾਹੀਂ ਆਯੋਜਿਤ ਇੱਕ ਪ੍ਰੋਗਰਾਮ ਵਿੱਚ ਸਵੈ-ਨਿਰਭਰ ਭਾਰਤ ਪਹਿਲ ਦੇ ਤਹਿਤ ਕਿਹਾ ਸੀ ਕਿ ਰੱਖਿਆ ਮੰਤਰਾਲੇ ਨੇ ਰੱਖਿਆ ਉਤਪਾਦਾਂ ਨੂੰ ਵਧਾਉਣ ਲਈ 101 ਉਤਪਾਦਾਂ ਦੇ ਆਯਾਤ ‘ਤੇ ਰੋਕ ਲਗਾ ਦਿੱਤੀ ਹੈ।
ਰੱਖਿਆ ਮੰਤਰੀ ਨੇ ਕਿਹਾ ਕਿ ਇਨ੍ਹਾਂ ਉਪਕਰਣਾਂ ‘ਤੇ ਪਾਬੰਦੀ ਲਗਾਉਣ ਦੀ ਇਹ ਕਵਾਇਦ 2020 ਅਤੇ 2024 ਦੇ ਵਿਚਕਾਰ ਪੂਰੀ ਕੀਤੀ ਜਾਵੇਗੀ। ਉਨ੍ਹਾਂ ਕਿਹਾ ਕਿ ਭਵਿੱਖ ਵਿੱਚ ਇਸ ਰੱਖਿਆ ਸੂਚੀ ਵਿੱਚ ਹੋਰ ਰੱਖਿਆ ਉਪਕਰਣ ਸ਼ਾਮਿਲ ਕੀਤੇ ਜਾਣਗੇ । ਨਾਲ ਹੀ ਫੌਜਾਂ ਦੀਆਂ ਜਰੂਰਤਾਂ ਨੂੰ ਧਿਆਨ ਵਿੱਚ ਰੱਖਦਿਆਂ ਵਸਤੂਆਂ ਦੇ ਉਤਪਾਦਨ ਦੀ ਸਮੇਂ ਦੀ ਮਿਆਦ ਨੂੰ ਯਕੀਨੀ ਬਣਾਇਆ ਜਾਣਾ ਚਾਹੀਦਾ ਹੈ, ਇਸਦੇ ਲਈ ਢੁੱਕਵੇਂ ਕਦਮ ਵੀ ਚੁੱਕੇ ਜਾਣਗੇ।
ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਅਗਵਾਈ ਵਿੱਚ ਇੱਕ ‘ਸਵੈ-ਨਿਰਭਰ ਭਾਰਤ ਦਾ ਨਿਰਮਾਣ ਕੀਤਾ ਜਾਵੇਗਾ ਜੋ ਰੋਟੀ, ਕੱਪੜਾ, ਮਕਾਨ, ਸਿਹਤ ਅਤੇ ਸਿੱਖਿਆ ਦੇ ਖੇਤਰ ਵਿੱਚ ਸਵੈ-ਨਿਰਭਰ ਹੋਵੇਗਾ । ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਨੇ 2017 ਵਿੱਚ ਚੰਪਾਰਣ ਦੀ 100ਵੀਂ ਵਰ੍ਹੇਗੰਢ ਮੌਕੇ ਨਵਾਂ ਭਾਰਤ ਬਣਾਉਣ ਦਾ ਐਲਾਨ ਕੀਤਾ ਸੀ। ਸਿੰਘ ਨੇ ਕਿਹਾ ਹੁਣ ਪ੍ਰਧਾਨ ਮੰਤਰੀ ਨੇ ਇਹ ਸਪੱਸ਼ਟ ਕਰ ਦਿੱਤਾ ਹੈ ਕਿ ਜਦੋਂ ਅਸੀਂ ਨਵੇਂ ਭਾਰਤ ਦੀ ਨੀਂਹ ਰੱਖਾਂਗੇ ਉਦੋਂ ਉਹ ਸਵੈ-ਵਿਸ਼ਵਾਸ ਅਤੇ ਸਵੈ-ਨਿਰਭਰਤਾ ਤੋਂ ਭਰਪੂਰ ਹੋਵੇਗਾ।