Defense ministry accepts Chinese intrusions: ਨਵੀਂ ਦਿੱਲੀ: ਰੱਖਿਆ ਮੰਤਰਾਲੇ ਨੇ ਵੀਰਵਾਰ ਨੂੰ ਆਪਣੀ ਵੈੱਬਸਾਈਟ ‘ਤੇ ਇੱਕ ਦਸਤਾਵੇਜ਼ ਅਪਲੋਡ ਕੀਤਾ ਸੀ, ਜਿਸ ਦੇ ਅਨੁਸਾਰ ਲੱਦਾਖ ਦੇ ਕਈ ਇਲਾਕਿਆਂ ਵਿੱਚ ਚੀਨੀ ਫੌਜ ਦੇ ਘੁਸਪੈਠ ਦੀਆਂ ਘਟਨਾਵਾਂ ਵਧੀਆਂ ਹਨ । ਸਾਈਟ ‘ਤੇ ਅਪਲੋਡ ਕੀਤੇ ਗਏ ਇਸ ਦਸਤਾਵੇਜ਼ ਵਿੱਚ ਮੰਤਰਾਲੇ ਨੇ ਮੰਨਿਆ ਸੀ ਕਿ ਮਈ ਮਹੀਨੇ ਤੋਂ ਚੀਨ ਲਗਾਤਾਰ LAC ‘ਤੇ ਕਬਜ਼ਾ ਵੱਧਦਾ ਜਾ ਰਿਹਾ ਹੈ, ਖਾਸ ਤੌਰ ‘ਤੇ ਗਲਵਾਨ ਘਾਟੀ, ਪੈਨਗੋਂਗ ਤਸੋ, ਗੋਗਰਾ, ਹੌਟ ਸਪਰਿੰਗ ਵਰਗੇ ਖੇਤਰਾਂ ਵਿੱਚ। ਦਸਤਾਵੇਜ਼ ਦੇ ਅਨੁਸਾਰ ਚੀਨ ਨੇ 17 ਤੋਂ 18 ਮਈ ਦਰਮਿਆਨ ਲੱਦਾਖ ਵਿੱਚ ਕੁੰਗਰਾਂਗ ਨਾਲਾ, ਗੋਗਰਾ ਅਤੇ ਪੈਨਗੋਂਗ ਤਸੋ ਝੀਲ ਦੇ ਉੱਤਰੀ ਕਿਨਾਰਿਆਂ ‘ਤੇ ਕਬਜ਼ਾ ਕਰ ਲਿਆ ਹੈ । ਇਸ ਵਿੱਚ ਕਿਹਾ ਗਿਆ ਹੈ ਕਿ 5 ਮਈ ਤੋਂ ਬਾਅਦ ਚੀਨ ਦਾ ਇਹ ਹਮਲਾਵਰ ਰੂਪ LAC ‘ਤੇ ਨਜ਼ਰ ਆ ਰਿਹਾ ਹੈ। 5 ਅਤੇ 6 ਮਈ ਨੂੰ ਪੈਨਗੋਂਗ ਤਸੋ ਭਾਰਤ ਅਤੇ ਚੀਨ ਦੀ ਫੌਜ ਵਿਚਾਲੇ ਝੜਪ ਹੋ ਗਈ ਸੀ। ਹਾਲਾਂਕਿ, ਹੁਣੇ ਹੁਣੇ ਮਿਲੀ ਖ਼ਬਰਾਂ ਅਨੁਸਾਰ ਰੱਖਿਆ ਮੰਤਰਾਲੇ ਨੇ ਇਸ ਦਸਤਾਵੇਜ਼ ਨੂੰ ਆਪਣੀ ਵੈੱਬਸਾਈਟ ਤੋਂ ਹਟਾ ਦਿੱਤਾ ਹੈ।
ਦੱਸ ਦੇਈਏ ਕਿ ਦੋਵਾਂ ਦੇਸ਼ਾਂ ਵਿਚਾਲੇ ਸਰਹੱਦੀ ਵਿਵਾਦ ਦੇ ਵਿਚਕਾਰ ਦੋਵੇਂ ਦੇਸ਼ ਇਸ ਮਾਮਲੇ ਨੂੰ ਸੁਲਝਾਉਣ ਲਈ ਫੌਜੀ ਗੱਲਬਾਤ ਕਰ ਰਹੇ ਹਨ । ਇਸ ਦੇ ਤਹਿਤ ਭਾਰਤ ਅਤੇ ਚੀਨ ਵਿਚਾਲੇ ਲੈਫਟੀਨੈਂਟ ਜਨਰਲ ਰੈਂਕ ਦੇ ਅਧਿਕਾਰੀਆਂ ਵਿਚਕਾਰ ਐਤਵਾਰ ਨੂੰ 5ਵੇਂ ਦੌਰ ਦੀ ਗੱਲਬਾਤ ਹੋਈ, ਜੋ ਬੇਨਤੀਜਾ ਰਹੀ ਹੈ। ਉੱਥੇ ਹੀ ਚੀਨ ਨੇ ਭਾਰਤ ਨੂੰ ਭਾਰਤੀ ਧਰਤੀ ਤੋਂ ਪਿੱਛੇ ਜਾਣ ਲਈ ਕਿਹਾ ਹੈ। ਜਾਣਕਾਰੀ ਹੈ ਕਿ ਹੁਣ ਚੀਨ ਨੇ ਭਾਰਤ ਨੂੰ ਪੈਨਗੋਂਗ ਤਸੋ ਤੋਂ ਪਿੱਛੇ ਹਟਣ ਲਈ ਕਿਹਾ ਹੈ। ਚੀਨ ਦੇ ਇਸ ਪ੍ਰਸਤਾਵ ਨੂੰ ਭਾਰਤ ਨੇ ਠੁਕਰਾ ਦਿੱਤਾ ਹੈ। ਚੀਨ ਨੇ ਭਾਰਤ ਨੂੰ ਫਿੰਗਰ 4 ਤੋਂ ਪਿੱਛੇ ਹਟਣ ਲਈ ਵੀ ਕਿਹਾ ਹੈ, ਜਦੋਂਕਿ ਭਾਰਤ ਫਿੰਗਰ 8 ਤੱਕ ਪੈਟਰੋਲਿੰਗ ਕਰਦਾ ਸੀ ਅਤੇ ਭਾਰਤ ਫਿੰਗਰ 8 ਨੂੰ ਐਲਏਸੀ ਮੰਨਦਾ ਹੈ।
ਜ਼ਿਕਰਯੋਗ ਹੈ ਕਿ ਐਤਵਾਰ ਨੂੰ ਚੀਨ ਦੀ ਬੇਨਤੀ ‘ਤੇ ਇਹ ਬੈਠਕ ਚੀਨੀ ਸੈਨਾ ਦੇ ਅੰਦਰ ਮੋਲਡੋ ਵਿੱਚ ਹੋਈ ਸੀ, ਜੋ 10 ਘੰਟੇ ਲੰਬੀ ਸੀ। ਇਸ ਬੈਠਕ ਤੋਂ ਬਾਅਦ ਰਾਸ਼ਟਰੀ ਸੁਰੱਖਿਆ ਸਲਾਹਕਾਰ ਅਜੀਤ ਡੋਭਾਲ ਨੂੰ ਵੇਰਵੇ ਦਿੱਤੇ ਗਏ । ਉਨ੍ਹਾਂ ਦੀ ਅਗਵਾਈ ਵਾਲੇ ਚੀਨ ਸਟੱਡੀ ਗਰੁੱਪ ਨੇ ਚੀਨ ਦੇ ਪ੍ਰਸਤਾਵ ਦਾ ਅਧਿਐਨ ਕੀਤਾ, ਜਿਸ ਤੋਂ ਬਾਅਦ ਸੈਨਾ ਨੇ ਹਾਟਲਾਈਨ ਰਾਹੀਂ ਚੀਨ ਨੂੰ ਦੱਸਿਆ ਕਿ ਇਸ ਦੇ ਪ੍ਰਸਤਾਵ ਨੂੰ ਭਾਰਤ ਨੇ ਮਨਜ਼ੂਰੀ ਨਹੀਂ ਦਿੱਤੀ ਹੈ।