Delhi air quality remains very poor: ਦਿੱਲੀ ਵਿੱਚ ਹਵਾ ਪ੍ਰਦੂਸ਼ਣ ਅਜੇ ਵੀ ਡੂੰਘੀ ਚਿੰਤਾ ਦਾ ਵਿਸ਼ਾ ਬਣਿਆ ਹੋਇਆ ਹੈ। ਖਰਾਬ ਹਵਾ ਕਾਰਨ ਲੋਕਾਂ ਨੂੰ ਸਾਹ ਲੈਣ ਵਿੱਚ ਮੁਸ਼ਕਿਲ ਆ ਰਹੀ ਹੈ। ਮੰਗਲਵਾਰ ਸਵੇਰੇ ਜਾਰੀ ਕੀਤੇ ਗਏ ਅੰਕੜਿਆਂ ਅਨੁਸਾਰ ਰਾਜਧਾਨੀ ਵਿੱਚ ਹਵਾ ਦੀ ਗੁਣਵੱਤਾ ‘ਬਹੁਤ ਖਰਾਬ’ ਸ਼੍ਰੇਣੀ ਵਿੱਚ ਦਰਜ ਕੀਤੀ ਗਈ ਹੈ। ਇਸ ਦੇ ਪਿੱਛੇ ਦਾ ਸਭ ਤੋਂ ਵੱਡਾ ਕਾਰਨ ਦਿੱਲੀ ਦੇ ਆਸ-ਪਾਸ ਦੇ ਰਾਜਾਂ ਵਿੱਚ ਸਾੜੀ ਜਾਂ ਵਾਲੀ ਪਰਾਲੀ ਨੂੰ ਦੱਸਿਆ ਜਾ ਰਿਹਾ ਹੈ। ਅੰਕੜਿਆਂ ਅਨੁਸਾਰ ਇਸ ਸੀਜ਼ਨ ਵਿੱਚ ਪੰਜਾਬ ਵਿੱਚ ਪਰਾਲੀ ਸਾੜਨ ਦੀਆਂ ਘਟਨਾਵਾਂ ਵਿੱਚ 49% ਦਾ ਵਾਧਾ ਹੋਇਆ ਹੈ।
ਦਰਅਸਲ, ਮੰਗਲਵਾਰ ਸਵੇਰੇ ਦਿੱਲੀ ਦੇ ਕੁਝ ਹਿੱਸਿਆਂ ਵਿੱਚ ਵਿਜ਼ੀਬਿਲਿਟੀ ਬਹੁਤ ਖਰਾਬ ਸੀ। ਸੀਪੀਸੀਬੀ ਦੇ ਏਅਰ ਕੁਆਲਿਟੀ ਟਰੈਕਰ ਅਨੁਸਾਰ ਮੰਗਲਵਾਰ ਸਵੇਰੇ ਰਾਜਧਾਨੀ ਦੇ ਆਨੰਦ ਵਿਹਾਰ ਖੇਤਰ ਵਿੱਚ ਏਅਰ ਕੁਆਲਟੀ ਇੰਡੈਕਸ(AQI) 300 ਅੰਕ ਰਿਕਾਰਡ ਕੀਤਾ ਗਿਆ, ਜਿਸ ਕਾਰਨ ਹਵਾ ਦੀ ਕੁਆਲਟੀ ਬਹੁਤ ਖਰਾਬ ਹੋ ਗਈ । ਇਸ ਤੋਂ ਪਹਿਲਾਂ ਸੋਮਵਾਰ ਨੂੰ ਦਿੱਲੀ ਵਿੱਚ ਔਸਤਨ ਏਅਰ ਕੁਆਲਟੀ ਇੰਡੈਕਸ (AQI) 293 ਦਰਜ ਕੀਤਾ ਗਿਆ ਸੀ, ਜੋ ਖਰਾਬ ਸ਼੍ਰੇਣੀ ਵਿੱਚ ਆਉਂਦਾ ਹੈ।
ਜਦੋਂ ਇਸ ਸਬੰਧੀ ਸਵੇਰ ਦੀ ਸੈਰ ‘ਤੇ ਨਿਕਲੇ ਇੱਕ ਵਿਅਕਤੀ ਨੇ ਕਿਹਾ ਕਿ ਲੋਕ ਹਰ ਸਵੇਰ ਤਾਜ਼ੀ ਹਵਾ ਵਿੱਚ ਸਾਹ ਲੈਣ ਲਈ ਘਰਾਂ ਤੋਂ ਨਿਕਲਦੇ ਹਨ, ਪਰ ਬਦਕਿਸਮਤੀ ਨਾਲ ਪਿਛਲੇ ਕੁਝ ਦਿਨਾਂ ਵਿੱਚ ਹਵਾ ਦੀ ਗੁਣਵੱਤਾ ਬਹੁਤ ਵਿਗੜ ਗਈ ਹੈ। ਪਰਾਲੀ ਸਾੜਨਾ ਪ੍ਰਦੂਸ਼ਣ ਦਾ ਮੁੱਖ ਕਾਰਨ ਹੈ। ਇਸ ਲਈ ਕੋਈ ਵੀ ਵਿਅਕਤੀ ਜ਼ਿੰਮੇਵਾਰ ਨਹੀਂ ਹੈ। ਸਾਨੂੰ ਸਮੂਹਿਕ ਤੌਰ ‘ਤੇ ਇਸ ਨੂੰ ਘਟਾਉਣ ਲਈ ਕੰਮ ਕਰਨ ਦੀ ਲੋੜ ਹੈ।
ਦੱਸ ਦੇਈਏ ਕਿ ਪਿਛਲੇ ਸਾਲ ਦੀ ਇਸੇ ਮਿਆਦ ਦੇ ਮੁਕਾਬਲੇ ਪੰਜਾਬ ਵਿੱਚ 21 ਸਤੰਬਰ ਤੋਂ 2 ਨਵੰਬਰ ਤੱਕ ਪਰਾਲੀ ਸਾੜਨ ਦੀਆਂ 49 ਪ੍ਰਤੀਸ਼ਤ ਵਧੇਰੇ ਘਟਨਾਵਾਂ ਵਾਪਰੀਆਂ ਹਨ । ਅਧਿਕਾਰਤ ਅੰਕੜਿਆਂ ਅਨੁਸਾਰ ਇਹ ਜਾਣਕਾਰੀ ਸਾਹਮਣੇ ਆਈ ਹੈ । ਪੰਜਾਬ ਰਿਮੋਟ ਸੈਂਸਿੰਗ ਸੈਂਟਰ ਦੇ ਅੰਕੜਿਆਂ ਅਨੁਸਾਰ ਰਾਜ ਵਿੱਚ ਝੋਨੇ ਦੇ ਸੀਜ਼ਨ ਵਿੱਚ ਹੁਣ ਤੱਕ 21 ਸਤੰਬਰ ਤੋਂ 2 ਨਵੰਬਰ ਤੱਕ ਪਰਾਲੀ ਸਾੜਨ ਦੀਆਂ 36,755 ਘਟਨਾਵਾਂ ਵਾਪਰੀਆਂ ਹਨ, ਜਦੋਂਕਿ ਸਾਲ 2019 ਵਿੱਚ ਇਸ ਸਮੇਂ ਦੌਰਾਨ ਇਹ ਗਿਣਤੀ 24,726 ਸੀ ।
ਦਿੱਲੀ ਵਿੱਚ ਵੱਧ ਰਹੇ ਹਵਾ ਪ੍ਰਦੂਸ਼ਣ ਦਾ ਮੁਕਾਬਲਾ ਕਰਨ ਲਈ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਪਿਛਲੇ ਹਫ਼ਤੇ “ਗ੍ਰੀਨ ਦਿੱਲੀ” ਐਪ ਲਾਂਚ ਕੀਤੀ ਸੀ, ਜਿਸ ਨਾਲ ਲੋਕ ਪ੍ਰਦੂਸ਼ਣ ਰੋਕੂ ਨਿਯਮਾਂ ਦੀ ਉਲੰਘਣਾ ਬਾਰੇ ਸ਼ਿਕਾਇਤਾਂ ਦਰਜ ਕਰ ਸਕਣਗੇ । ਜ਼ਿਕਰਯੋਗ ਹੈ ਕਿ 0 ਅਤੇ 50 ਦੇ ਵਿਚਕਾਰ AQI ‘ਚੰਗਾ’, 51 ਅਤੇ 100 ਵਿਚਾਲੇ ‘ਸੰਤੁਸ਼ਟੀਜਨਕ’, 101 ਅਤੇ 200 ਵਿਚਾਲੇ ‘ਮਾਧਿਅਮ’, 201 ਅਤੇ 300 ਵਿਚਾਲੇ ‘ਖਰਾਬ’, 301 ਅਤੇ 400 ਵਿਚਾਲੇ ‘ਬਹੁਤ ਖਰਾਬ’ ਅਤੇ 401 ਅਤੇ 500 ਦੇ ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ।