Delhi air quality turns severe: ਦਿੱਲੀ ਵਿੱਚ ਹਵਾ ਦੀ ਗੁਣਵੱਤਾ ਇੱਕ ਵਾਰ ਫਿਰ ‘ਬਹੁਤ ਮਾੜੀ’ ਸ਼੍ਰੇਣੀ ਤੋਂ ਵੱਧ ਕੇ ਨਾਜ਼ੁਕ ਸਥਿਤੀ ਵਿੱਚ ਪਹੁੰਚ ਗਈ ਹੈ। ਇੱਥੇ ਹਵਾ ਦੀ ਗੁਣਵੱਤਾ ਦਾ ਇੰਡੈਕਸ (AQI) ਦਾ ਪੱਧਰ 400 ਨੂੰ ਪਾਰ ਕਰ ਗਿਆ ਹੈ, ਜਿਸ ਨੂੰ ਸਭ ਤੋਂ ਜ਼ਿਆਦਾ ਖਰਾਬ ਮੰਨਿਆ ਜਾਂਦਾ ਹੈ। ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਵੀਰਵਾਰ ਸਵੇਰੇ ਦਿੱਲੀ ਦੇ ਆਨੰਦ ਵਿਹਾਰ ਵਿੱਚ AQI ਦਾ ਪੱਧਰ 401 ਦਰਜ ਕੀਤਾ ਗਿਆ। ਉੱਥੇ ਹੀ ਅਲੀਪੁਰ ਵਿੱਚ 405 ਅਤੇ ਵਜ਼ੀਰਪੁਰ ਵਿੱਚ 410 AQI ਰਿਹਾ।
ਇਸ ਤੋਂ ਪਹਿਲਾਂ ਬੁੱਧਵਾਰ ਨੂੰ ਹਵਾ ਦੀ ਗੁਣਵੱਤਾ ਵਿੱਚ ਸੁਧਾਰ ਦੇਖਣ ਨੂੰ ਮਿਲਿਆ ਸੀ ਪਰ ਇੱਕ ਵਾਰ ਫਿਰ ਇਹ ਗੰਭੀਰ ਸਥਿਤੀ ਵਿੱਚ ਪਹੁੰਚ ਗਿਆ ਹੈ। ਬੁੱਧਵਾਰ ਸਵੇਰੇ ਦਿੱਲੀ ਦੀ ਔਸਤਨ ਏਅਰ ਕੁਆਲਟੀ ਇੰਡੈਕਸ (AQI) 281 ਦਰਜ ਗਈ ਸੀ, ਜੋ ਖਰਾਬ ਸ਼੍ਰੇਣੀ ਵਿੱਚ ਸੀ। ਇਸ ਤੋਂ ਪਹਿਲਾਂ ਲਗਾਤਾਰ 5 ਦਿਨ ਤੱਕ AQI ਬਹੁਤ ਖਰਾਬ ਸ਼੍ਰੇਣੀ ਵਿੱਚ ਸੀ। ਇੱਥੇ ਜੇਕਰ ਬੁੱਧਵਾਰ ਤੋਂ ਪਹਿਲਾਂ ਦੇ ਅੰਕੜਿਆਂ ਦੀ ਗੱਲ ਕੀਤੀ ਜਾਵੇ ਤਾਂ 24 ਘੰਟੇ ਦੀ ਔਸਤਨ AQI ਮੰਗਲਵਾਰ ਨੂੰ 312, ਸੋਮਵਾਰ ਨੂੰ 353, ਐਤਵਾਰ ਨੂੰ 349, ਸ਼ਨੀਵਾਰ ਨੂੰ 345 ਅਤੇ ਸ਼ੁੱਕਰਵਾਰ ਨੂੰ 366 ਸੀ।
ਜ਼ਿਕਰਯੋਗ ਹੈ ਕਿ 0 ਅਤੇ 50 ਦੇ ਵਿਚਕਾਰ AQI ਨੂੰ ‘ਚੰਗਾ’, 51 ਅਤੇ 100 ਵਿਚਾਲੇ ‘ਸੰਤੋਸ਼ਜਨਕ’, 101 ਅਤੇ 200 ਵਿਚਾਲੇ ‘ਮੱਧਮ’, 201 ਅਤੇ 300 ਵਿਚਾਲੇ ‘ਖਰਾਬ’, 301 ਅਤੇ 400 ਵਿਚਾਲੇ ‘ਬਹੁਤ ਖਰਾਬ’ ਅਤੇ 401 ਅਤੇ 500 ਦੇ ਵਿਚਕਾਰ ‘ਗੰਭੀਰ’ ਮੰਨਿਆ ਜਾਂਦਾ ਹੈ।
ਇਸ ਸਬੰਧੀ ਭਾਰਤ ਮੌਸਮ ਵਿਭਾਗ ਦੇ ਇੱਕ ਸੀਨੀਅਰ ਵਿਗਿਆਨੀ ਨੇ ਦੱਸਿਆ ਕਿ ਮੰਗਲਵਾਰ ਸਵੇਰੇ ਹਵਾ ਦੀ ਗਤੀ ਵਧਣ ਕਾਰਨ ਪ੍ਰਦੂਸ਼ਣ ਕਾਰਕ ਫੈਲ ਗਿਆ । ਉਨ੍ਹਾਂ ਕਿਹਾ ਕਿ ਹਾਲਾਂਕਿ ਹਵਾ ਦੀ ਰਫਤਾਰ ਫਿਰ ਘੱਟ ਹੋਈ ਹੈ ਜਿਸ ਕਾਰਨ ਪ੍ਰਦੂਸ਼ਣ ਕਰਨ ਵਾਲੇ ਕਾਰਕ ਇਕੱਠੇ ਹੋ ਸਕਦੇ ਹਨ। ਉਨ੍ਹਾਂ ਕਿਹਾ ਕਿ ਵੀਰਵਾਰ ਤੱਕ ਹਵਾ ਦੀ ਗੁਣਵੱਤਾ ਹੋਰ ਖਰਾਬ ਹੋ ਸਕਦੀ ਹੈ। ਧਰਤੀ ਵਿਗਿਆਨ ਮੰਤਰਾਲੇ ਦੀ ਹਵਾ ਦੀ ਨਿਗਰਾਨੀ ਪ੍ਰਣਾਲੀ ਅਨੁਸਾਰ ਗੁਆਂਢੀ ਰਾਜਾਂ ਵਿੱਚ ਪਰਾਲੀ ਸਾੜਨ ਦੀਆਂ 1,943 ਘਟਨਾਵਾਂ ਵਾਪਰੀਆਂ । ਹਵਾ ਦੀ ਰਫ਼ਤਾਰ ਹੌਲੀ ਹੋਣ ਅਤੇ ਘੱਟ ਤਾਪਮਾਨ ਕਾਰਨ ਪ੍ਰਦੂਸ਼ਿਤ ਕਾਰਕ ਤੱਤ ਇਕੱਠੇ ਹੋ ਜਾਂਦੇ ਹਨ ਅਤੇ ਹਵਾ ਦੀ ਤੇਜ਼ ਰਫਤਾਰ ਕਾਰਨ ਫੈਲ ਜਾਂਦੇ ਹਨ।