Delhi Chalo protest: ਪੰਜਾਬ ਵਿੱਚ ਕੇਂਦਰ ਵੱਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿੱਲਾਂ ਦੇ ਵਿਰੋਧ ਵਿੱਚ ਲਗਾਤਾਰ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਜਿਸ ਨੂੰ ਲੈ ਕੇ 26 ਨਵੰਬਰ ਨੂੰ ਦੇਸ਼ ਦੀਆਂ 500 ਕਿਸਾਨ ਜਥੇਬੰਦੀਆਂ ਵੱਲੋਂ ਦਿੱਲੀ ਵਿੱਚ ਇੱਕ ਇਤਿਹਾਸਕ ਰੈਲੀ ਕੱਢੀ ਜਾਵੇਗੀ । ਇਸਦੇ ਲਈ ਕਿਸਾਨ ਦਿੱਲੀ ਵੱਲ ਕੂਚ ਕਰ ਰਹੇ ਹਨ ।
ਇਸੇ ਵਿਚਾਲੇ ਹਰਿਆਣਾ ਸਰਕਾਰ ਵੱਲੋਂ ਕਿਸਾਨਾਂ ਨੂੰ ਰੋਕਣ ਲਈ ਰਾਹ ਵਿੱਚ ਬਹੁਤ ਸਾਰੀਆਂ ਮੁਸ਼ਕਿਲਾਂ ਪੈਦਾ ਕੀਤਾ ਗਈਆਂ। ਕਿਸਾਨਾਂ ‘ਤੇ ਪਾਣੀ ਦੀਆਂ ਬੌਛਾਰਾਂ ਵੀ ਕੀਤੀਆਂ ਗਈਆਂ । ਇਸੇ ਵਿਚਾਲੇ ਇੱਕ ਬਹਾਦਰ ਨੌਜਵਾਨ ਦੀ ਵੀਡੀਓ ਸੋਸ਼ਲ ਮੀਡੀਆ ‘ਤੇ ਬਹੁਤ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਇਸ ਵੀਡੀਓ ਵਿੱਚ ਨੌਜਵਾਨ ਨੇ ਪੁਲਿਸ ਵੱਲੋਂ ਲਗਾਏ ਗਏ ਵਾਟਰ ਕੈਨਨ ‘ਤੇ ਚੜ੍ਹ ਕੇ ਉਸਨੂੰ ਬੰਦ ਕਰ ਦਿੱਤਾ ਤੇ ਕਿਸਾਨਾਂ ਦਾ ਅੱਗੇ ਵਧਣ ਦਾ ਰਾਹ ਪੱਧਰ ਕਰ ਦਿੱਤਾ।
ਦਰਅਸਲ, ਦਿੱਲੀ ਕੂਚ ਕਰ ਰਹੇ ਕਿਸਾਨਾਂ ਨੂੰ ਰੋਕਣ ਲਈ ਹਰਿਆਣਾ ਪੁਲਿਸ ਵੱਲੋਂ ਸੜਕਾਂ ‘ਤੇ ਪੱਥਰ, ਕੰਡਿਆਲੀਆਂ ਤਾਰਾਂ, ਵਾਟਰ ਕੈਨਨ ਆਦਿ ਲਗਾਏ ਸਨ ਤਾਂ ਜੋ ਕਿਸਾਨਾਂ ਨੂੰ ਅੱਗੇ ਵਧਣ ਤੋਂ ਰੋਕਿਆ ਜਾ ਸਕੇ। ਇਸੇ ਵਿਚਾਲੇ ਜੋਸ਼ ਨਾਲ ਭਰੇ ਇਸ ਨੌਜਵਾਨ ਨੇ ਇਹ ਦਲੇਰੀ ਵਾਲਾ ਕਾਰਨਾਮਾ ਕਰ ਕੇ ਹੋਰ ਨੌਜਵਾਨਾਂ ਨੂੰ ਵੀ ਪ੍ਰੇਰਿਤ ਕੀਤਾ ਹੈ ਕਿ ਉਹ ਵੀ ਕਿਸਾਨਾਂ ਦੇ ਇਸ ਸੰਘਰਸ਼ ਵਿੱਚ ਆਪਣਾ ਹਿੱਸਾ ਪਾਉਣ । ਇੱਥੇ ਹੈਰਾਨੀ ਵਾਲੀ ਗੱਲ ਇਹ ਹੈ ਕਿ ਪੁਲਿਸ ਵਾਲੇ ਇੱਥੇ ਹੱਥ ਮਲਦੇ ਹੀ ਰਹਿ ਗਏ। ਕੋਈ ਵੀ ਪੁਲਿਸ ਵਾਲਾ ਇਸ ਨੌਜਵਾਨ ਦੇ ਬਰਾਬਰ ਵਾਟਰ ਕੈਨਨ ‘ਤੇ ਨਹੀਂ ਚੜ੍ਹ ਸਕਿਆ। ਪੁਲਿਸ ਵੱਲੋਂ ਇਸ ਨੌਜਵਾਨ ਨੂੰ ਰੋਕਣ ਦੀ ਬਹੁਤ ਕੋਸ਼ਿਸ਼ ਕੀਤੀ ਗਈ ਪਰ ਕੁਝ ਨਾ ਹੋ ਸਕਿਆ।
ਦੱਸ ਦੇਈਏ ਕਿ ਸੋਸ਼ਲ ਮੀਡੀਆ ‘ਤੇ ਇਹ ਵਾਇਰਲ ਹੋਣ ਤੋਂ ਬਾਅਦ ਹਰ ਕੋਈ ਇਸ ਨੌਜਵਾਨ ਦੀ ਤਾਰੀਫ ਕਰ ਰਿਹਾ ਹੈ। ਇਸ ਨੌਜਵਾਨ ਨੇ ਦਲੇਰਾਨਾ ਇਰਾਦੇ ਨਾਲ ਵਾਟਰ ਕੈਨਨ ਬੰਦ ਕੀਤਾ। ਦੱਸਿਆ ਜਾ ਰਿਹਾ ਹੈ ਕਿ ਕਈ ਜਥੇਬੰਦੀਆਂ ਵੱਲੋਂ ਇਸ ਨੌਜਵਾਨ ਨੂੰ ਸਨਮਾਨਿਤ ਕੀਤਾ ਜਾ ਸਕਦਾ ਹੈ।