Delhi cold breaks 14 year record: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਨਵੰਬਰ ਵਿੱਚ ਹੀ ਸ਼ੀਤ ਲਹਿਰ ਮਹਿਸੂਸ ਹੋਣ ਲੱਗ ਗਈ ਹੈ ।ਸ਼ੁੱਕਰਵਾਰ ਨੂੰ ਠੰਡ ਨੇ ਨਵੰਬਰ ਦੇ 14 ਸਾਲਾਂ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਇੱਥੇ ਘੱਟੋ-ਘੱਟ ਤਾਪਮਾਨ ਸਿਰਫ 7.5 ਡਿਗਰੀ ‘ਤੇ ਆ ਗਿਆ, ਜੋ ਕਿ ਆਮ ਨਾਲੋਂ ਪੰਜ ਡਿਗਰੀ ਘੱਟ ਹੈ । ਹਾਲਾਂਕਿ ਠੰਡ 23 ਨਵੰਬਰ ਤੋਂ ਬਾਅਦ ਘੱਟ ਜਾਵੇਗੀ, ਪਰ ਇਹ ਰਾਹਤ ਅੰਸ਼ਕ ਹੋਵੇਗੀ। ਇੰਨਾ ਹੀ ਨਹੀਂ ਇਸ ਸਾਲ ਦੇ ਨਵੰਬਰ ਦੀ ਗੱਲ ਕੀਤੀ ਜਾਵੇ ਤਾਂ ਇਸ ਸਾਲ ਦਾ ਨਵੰਬਰ ਠੰਡ ਦੇ ਮਾਮਲੇ ਵਿੱਚ ਦਹਾਕਿਆਂ ਦੇ ਰਿਕਾਰਡ ਨੂੰ ਤੋੜਦਾ ਦਿਖਾਈ ਦੇ ਰਿਹਾ ਹੈ। ਉੱਥੇ ਹੀ ਪੰਜਾਬ, ਹਰਿਆਣਾ ਸਣੇ ਦੂਜੇ ਰਾਜਾਂ ਵਿੱਚ ਵੀ ਸ਼ੁੱਕਰਵਾਰ ਨੂੰ ਤਾਪਮਾਨ ਆਮ ਤੋਂ ਹੇਠਾਂ ਦਰਜ ਕੀਤਾ ਗਿਆ।
ਮੌਸਮ ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ 29 ਨਵੰਬਰ 2006 ਤੋਂ ਬਾਅਦ ਇਹ ਪਹਿਲਾ ਮੌਕਾ ਹੈ ਜਦੋਂ ਦਿੱਲੀ ਦਾ ਤਾਪਮਾਨ ਨਵੰਬਰ ਮਹੀਨੇ ਵਿੱਚ ਇੰਨਾ ਹੇਠਾਂ ਆਇਆ ਹੈ। 29 ਨਵੰਬਰ, 2006 ਨੂੰ ਦਿੱਲੀ ਵਿੱਚ ਘੱਟੋ-ਘੱਟ ਤਾਪਮਾਨ 7.3 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ । ਇਸ ਬਾਰੇ ਮੌਸਮ ਵਿਭਾਗ ਨੇ ਕਿਹਾ ਹੈ ਕਿ ਇਸ ਮੌਸਮ ਵਿੱਚ ਪਹਿਲੀ ਵਾਰ ਦਿੱਲੀ ਵਿੱਚ ਸ਼ੀਤ ਲਹਿਰ ਦੀ ਸੰਭਾਵਨਾ ਹੈ । ਆਮ ਤੌਰ ‘ਤੇ ਮੈਦਾਨੀ ਇਲਾਕਿਆਂ ਵਿੱਚ ਮੌਸਮ ਵਿਭਾਗ ਵੱਲੋਂ ਉਦੋਂ ਲਗਾਤਾਰ ਦੋ ਦਿਨਾਂ ਲਈ ਠੰਡ ਦੀ ਲਹਿਰ ਦਾ ਐਲਾਨ ਕੀਤਾ ਜਾਂਦਾ ਹੈ ਜਦੋਂ ਤਾਪਮਾਨ 10 ਡਿਗਰੀ ਸੈਲਸੀਅਸ ਜਾਂ ਇਸ ਤੋਂ ਘੱਟ ਅਤੇ ਆਮ ਨਾਲੋਂ 4.5 ਡਿਗਰੀ ਸੈਲਸੀਅਸ ਘੱਟ ਹੁੰਦਾ ਹੈ। ਸ੍ਰੀਵਾਸਤਵ ਨੇ ਕਿਹਾ ਕਿ ਇਹ ਮਾਪਦੰਡ ਸ਼ੁੱਕਰਵਾਰ ਨੂੰ ਪੂਰਾ ਹੋ ਗਿਆ ਤੇ ਜੇ ਸਥਿਤੀ ਸ਼ਨੀਵਾਰ ਨੂੰ ਇਹੀ ਰਹੀ, ਤਾਂ ਅਸੀਂ ਸ਼ਨੀਵਾਰ ਨੂੰ ਇੱਕ ਸ਼ੀਤ ਲਹਿਰ ਦਾ ਐਲਾਨ ਕਰਾਂਗੇ।
ਜ਼ਿਕਰਯੋਗ ਹੈ ਕਿ ਦਿੱਲੀ ਵਿੱਚ ਪਿਛਲੇ ਸਾਲ ਨਵੰਬਰ ਵਿੱਚ ਘੱਟੋ-ਘੱਟ ਤਾਪਮਾਨ 11.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ । ਇਸੇ ਤਰ੍ਹਾਂ 2018 ਵਿੱਚ ਘੱਟੋ-ਘੱਟ ਤਾਪਮਾਨ 10.5 ਡਿਗਰੀ ਅਤੇ 2017 ਵਿੱਚ 7.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਸੀ। ਅੰਕੜਿਆਂ ਅਨੁਸਾਰ ਹੁਣ ਤੱਕ ਨਵੰਬਰ ਵਿੱਚ ਸਭ ਤੋਂ ਘੱਟ ਤਾਪਮਾਨ 3.9 ਡਿਗਰੀ ਸੈਲਸੀਅਸ 28 ਨਵੰਬਰ 1938 ਨੂੰ ਦਰਜ ਕੀਤਾ ਗਿਆ ਸੀ ।
ਦੱਸ ਦੇਈਏ ਕਿ ਇੱਕ ਨਿੱਜੀ ਮੌਸਮ ਦੀ ਭਵਿੱਖਬਾਣੀ ਕਰਨ ਵਾਲੀ ਏਜੰਸੀ ਦੇ ਮਾਹਿਰ ਮਹੇਸ਼ ਪਾਲਾਵਤ ਨੇ ਕਿਹਾ ਕਿ ਪੱਛਮੀ ਹਿਮਾਲਿਆਈ ਖੇਤਰ ਤੋਂ ਬਰਫੀਲੀਆਂ ਹਵਾਵਾਂ ਕਾਰਨ ਤਾਪਮਾਨ ਘਟਿਆ ਹੈ ਅਤੇ ਸ਼ਨੀਵਾਰ ਤੱਕ ਇਸੇ ਤਰ੍ਹਾਂ ਰਹੇਗਾ । ਉਨ੍ਹਾਂ ਕਿਹਾ ਕਿ ਇੱਕ ਨਵੀਂ ਪੱਛਮੀ ਪਰੇਸ਼ਾਨੀ 23 ਨਵੰਬਰ ਨੂੰ ਉੱਤਰ ਪੱਛਮੀ ਭਾਰਤ ਵੱਲ ਆ ਰਹੀ ਹੈ । ਇਸ ਨਾਲ ਘੱਟੋ-ਘੱਟ ਤਾਪਮਾਨ ਵਿੱਚ ਕੁਝ ਵਾਧਾ ਹੋਣ ਦੀ ਉਮੀਦ ਹੈ।
ਇਹ ਵੀ ਦੇਖੋ: ਨਹੀਂ ਰੁੱਕ ਰਿਹਾ ਪੰਜਾਬ ‘ਚ ਖਾਲਿਸਤਾਨ ਦੇ ਨਾਅਰਿਆਂ ਦਾ ਦੌਰ, ਪੁਲਿਸ ਲਈ ਬਣਿਆ ਚਿੰਤਾ ਦਾ ਵਿਸ਼ਾ !