Delhi farmers protest: ਕੇਂਦਰ ਸਰਕਾਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਵੱਲੋਂ ਪਿਛਲੇ 14 ਦਿਨਾਂ ਤੋਂ ਪ੍ਰਦਰਸ਼ਨ ਜਾਰੀ ਹੈ । ਅੱਜ ਇਸ ਧਰਨੇ ਪ੍ਰਦਰਸ਼ਨ ਦਾ 15ਵਾਂ ਦਿਨ ਹੈ ਤੇ ਕਿਸਾਨਾਂ ਨੇ ਸਿੰਘੂ ਬਾਰਡਰ ਤੇ ਆਪਣਾ ਡੇਰਾ ਜਮਾਇਆ ਹੋਇਆ ਹੈ । ਉੱਥੇ ਹੀ, ਇਸ ਧਰਨੇ ਪ੍ਰਦਰਸ਼ਨ ਦੌਰਾਨ ਖਿਡਾਰੀਆਂ ਨੇ ਸਿੰਘੂ ਬਾਰਡਰ ‘ਤੇ ਹੀ ਜਿਮ ਬਣਾ ਲਿਆ ਹੈ ਤੇ ਕਸਰਤ ਕਰਨੀ ਸ਼ੁਰੂ ਕਰ ਦਿੱਤੀ ਹੈ ।
ਦਰਅਸਲ, ਖਿਡਾਰੀਆਂ ਵੱਲੋਂ ਧਰਨੇ ਦੀ ਜਗ੍ਹਾ ‘ਤੇ ਇੱਕ ਅਸਥਾਈ ਜਿਮ ਬਣਾਇਆ ਗਿਆ ਹੈ। ਜਿੱਥੇ ਪੰਜਾਬ ਦੇ ਵੇਟਲਿਫਟਰ ਤੋਂ ਲੈ ਕੇ ਕਬੱਡੀ ਦੇ ਖਿਡਾਰੀ ਇੱਥੇ ਕਸਰਤ ਕਰਦੇ ਹਨ । ਇੰਨਾ ਹੀ ਨਹੀਂ ਇੱਥੇ ਪੁਸ਼ ਅਪਸ ਅਤੇ ਵੇਟਲਿਫਟਿੰਗ ਦਾ ਅਭਿਆਸ ਰੋਜ਼ਾਨਾ ਕੀਤਾ ਜਾਂਦਾ ਹੈ । ਖਿਡਾਰੀ ਖੁਦ ਕਸਰਤ ਕਰਨ ਦੇ ਨਾਲ ਹੀ ਕਿਸਾਨਾਂ ਨੂੰ ਵੀ ਸਿਖਲਾਈ ਦੇ ਰਹੇ ਹਨ । ਉਨ੍ਹਾਂ ਦਾ ਕਹਿਣਾ ਹੈ ਕਿ ਜੇਕਰ ਸਰਕਾਰ ਨਹੀਂ ਮੰਨੀ ਤਾਂ ਉਹ ਇੱਥੇ ਕਬੱਡੀ ਗ੍ਰਾਊਂਡ ਵੀ ਬਣਾਉਣਗੇ ।
ਜ਼ਿਕਰਯੋਗ ਹੈ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਟਕਰਾਅ ਵੱਧਦਾ ਹੀ ਜਾ ਰਿਹਾ ਹੈ । ਬੁੱਧਵਾਰ ਨੂੰ ਸਰਕਾਰ ਵੱਲੋਂ ਇੱਕ ਪ੍ਰਸਤਾਵ ਭੇਜਿਆ ਗਿਆ ਸੀ , ਜਿਸ ਨੂੰ ਕਿਸਾਨ ਜਥੇਬੰਦੀਆਂ ਨੇ ਸਿਰੇ ਤੋਂ ਖਾਰਿਜ ਕਰ ਦਿੱਤਾ । ਇੰਨਾ ਹੀ ਨਹੀਂ ਉਨ੍ਹਾਂ ਨੇ ਇਸ ਪ੍ਰਸਤਾਵ ਨੂੰ ਖਾਰਿਜ ਕਰਦਿਆਂ ਐਲਾਨ ਕੀਤਾ ਕਿ ਜਦੋਂ ਤੱਕ ਖੇਤੀਬਾੜੀ ਕਾਨੂੰਨ ਰੱਦ ਨਹੀਂ ਹੁੰਦੇ ਉਦੋਂ ਤੱਕ ਅੰਦੋਲਨ ਜਾਰੀ ਰਹੇਗਾ । ਇਸਦੇ ਨਾਲ ਹੀ ਉਨ੍ਹਾਂ ਨੇ ਅੱਗੇ ਦੀ ਰਣਨੀਤੀ ਦੇ ਤਹਿਤ ਅੰਦੋਲਨ ਹੋਰ ਤੇਜ਼ ਕਰਨ ਦੀ ਰੂਪ ਰੇਖਾ ਵੀ ਤਿਆਰ ਕਰ ਲਈ ਹੈ।
ਦੱਸ ਦੇਈਏ ਕਿ ਬੁੱਧਵਾਰ ਯਾਨੀ ਕਿ ਬੀਤੇ ਦਿਨ ਸਰਕਾਰ ਵੱਲੋਂ ਕਿਸਾਨਾਂ ਨੂੰ MSP ਨਾਲ ਜੁੜਿਆ ਇੱਕ ਪ੍ਰਸਤਾਵ ਭੇਜਿਆ ਗਿਆ ਸੀ । ਜਿਸ ਵਿੱਚ ਕਿਹਾ ਗਿਆ ਸੀ ਕਿ MSP ਨੂੰ ਲੈ ਕੇ ਗਾਰੰਟੀ ਦਿੱਤੀ ਜਾਵੇਗੀ, ਪਰ ਕਿਸਾਨਾਂ ਨੇ ਸਰਕਾਰ ਦੇ ਇਸ ਪ੍ਰਸਤਾਵ ਨੂੰ ਸਵੀਕਾਰ ਨਹੀਂ ਕੀਤਾ । ਸਰਕਾਰ ਤੋਂ ਮਿਲੇ ਪ੍ਰਸਤਾਵ ਤੋਂ ਬਾਅਦ ਕਿਸਾਨ ਨੇਤਾਵਾਂ ਨੇ ਸਿੰਘੂ ਬਾਰਡਰ ‘ਤੇ ਇੱਕ ਮੀਟਿੰਗ ਕੀਤੀ ਅਤੇ ਐਲਾਨ ਕੀਤਾ ਕਿ ਕਾਨੂੰਨ ਰੱਦ ਹੋਣ ਤੱਕ ਉਨ੍ਹਾਂ ਦਾ ਇਹ ਅੰਦੋਲਨ ਜਾਰੀ ਰਹੇਗਾ ।