Delhi lg anil baijal appeal : ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾਵਾਇਰਸ ਦੇ ਮਾਮਲੇ ਲਗਾਤਾਰ ਸਾਹਮਣੇ ਆ ਰਹੇ ਹਨ। ਸਿਹਤ ਵਿਭਾਗ ਐਮਰਜੈਂਸੀ ਸਥਿਤੀਆਂ ਵਿੱਚ ਕੰਮ ਕਰ ਰਿਹਾ ਹੈ। ਸੋਮਵਾਰ ਨੂੰ ਖ਼ਤਮ ਹੋਣ ਵਾਲੇ 24 ਘੰਟਿਆਂ ‘ਚ ਦਿੱਲੀ ਵਿੱਚ ਕੋਰੋਨਾ ਕਾਰਨ ਰਿਕਾਰਡ ਮੌਤਾਂ ਹੋਈਆਂ ਹਨ। ਇੱਕ ਦਿਨ ਵਿੱਚ 240 ਸੰਕਰਮਿਤ ਲੋਕਾਂ ਦੀ ਮੌਤ ਹੋ ਗਈ, ਜੋ ਕਿ ਅੱਜ ਤੱਕ ਦੇ ਦਿਨ ਦੀ ਸਭ ਤੋਂ ਵੱਧ ਸੰਖਿਆ ਹੈ। ਮਹਾਂਮਾਰੀ ਨੂੰ ਕੁੱਝ ਹੱਦ ਤੱਕ ਘਟਾਉਣ ਲਈ ਸੋਮਵਾਰ ਰਾਤ ਤੋਂ ਤਾਲਾਬੰਦੀ ਲਗਾਈ ਗਈ ਸੀ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਇਹ ਐਲਾਨ ਕੀਤਾ ਸੀ। ਜਿਵੇਂ ਹੀ ਤਾਲਾਬੰਦੀ ਦਾ ਐਲਾਨ ਕੀਤਾ ਗਿਆ, ਪਰਵਾਸੀਆਂ ਵਿੱਚ ਘਰ ਪਰਤਣ ਲਈ ਹਫੜਾ-ਦਫੜੀ ਮੱਚ ਗਈ। ਹੁਣ ਕੁੱਝ ਸਮਾਂ ਪਹਿਲਾਂ, ਦਿੱਲੀ ਦੇ ਉਪ ਰਾਜਪਾਲ, ਅਨਿਲ ਬੈਜਲ ਨੇ ਪਰਵਾਸੀ ਨਾਗਰਿਕਾਂ ਨੂੰ ਦਿੱਲੀ ਨਾ ਛੱਡਣ ਦੀ ਅਪੀਲ ਕੀਤੀ ਹੈ।
ਅਨਿਲ ਬੈਜਲ ਨੇ ਟਵੀਟ ਕੀਤਾ, “ਮੈਂ ਦਿੱਲੀ ਦੇ ਸਾਰੇ ਪ੍ਰਵਾਸੀ ਨਾਗਰਿਕਾਂ ਨੂੰ ਘਬਰਾਹਟ ਵਿੱਚ ਦਿੱਲੀ ਨਾ ਛੱਡਣ ਦੀ ਅਪੀਲ ਕਰਦਾ ਹਾਂ। ਮੈਂ ਤੁਹਾਨੂੰ ਭਰੋਸਾ ਦਿਵਾਉਂਦਾ ਹਾਂ ਕਿ ਕੋਰੋਨਾ ਬਿਪਤਾ ਦੀ ਇਸ ਸਥਿਤੀ ਦੇ ਦੌਰਾਨ, ਸਰਕਾਰ ਤੁਹਾਡੀਆਂ ਸਾਰੀਆਂ ਜ਼ਰੂਰਤਾਂ ਦਾ ਧਿਆਨ ਰੱਖੇਗੀ। ਤੁਹਾਡੇ ਲਈ ਸਾਰੇ ਲੋੜੀਂਦੇ ਪ੍ਰਬੰਧ ਯਕੀਨੀ ਬਣਾਏ ਜਾ ਰਹੇ ਹਨ। ਤੁਸੀਂ ਆਪਣੀ ਅਣਥੱਕ ਮਿਹਨਤ ਨਾਲ ਦਿੱਲੀ ਚਲਾਉਂਦੇ ਹੋ ਅਤੇ ਇਹ ਸ਼ਹਿਰ ਤੁਹਾਡਾ ਆਪਣਾ ਹੈ।”