ਰਾਸ਼ਟਰੀ ਰਾਜਧਾਨੀ ਦਿੱਲੀ ਵਿੱਚ ਕੋਰੋਨਾ ਵਾਇਰਸ ਦੀ ਲਾਗ ਦੇ ਘਟਦੇ ਮਾਮਲਿਆਂ ਦੇ ਵਿਚਕਾਰ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਉਪ-ਰਾਜਪਾਲ ਅਨਿਲ ਬੈਜਲ ਨੂੰ ਵੀਕੈਂਡ ਕਰਫਿਊ ਹਟਾਉਣ ਅਤੇ ਦੁਕਾਨਾਂ ਲਈ ਔਡ-ਈਵਨ ਦੇ ਨਿਯਮ ਨੂੰ ਖਤਮ ਕਰਨ ਦਾ ਪ੍ਰਸਤਾਵ ਦਿੱਤਾ ਸੀ । ਹਾਲਾਂਕਿ ਉਪ-ਰਾਜਪਾਲ ਨੇ ਇਨ੍ਹਾਂ ਸਾਰੇ ਪ੍ਰਸਤਾਵਾਂ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ।
ਇਸ ਸਬੰਧੀ ਉਪ ਰਾਜਪਾਲ ਅਨਿਲ ਬੈਜਲ ਦੇ ਦਫ਼ਤਰ ਨੇ ਦੱਸਿਆ ਕਿ ਕੇਂਦਰ ਸ਼ਾਸਿਤ ਪ੍ਰਦੇਸ਼ ਵਿੱਚ ਵੀਕੈਂਡ ਕਰਫਿਊ ਅਤੇ ਬਾਜ਼ਾਰਾਂ ਵਿੱਚ ਔਡ-ਈਵਨ ਦਾ ਨਿਯਮ ਜਾਰੀ ਰਹੇਗਾ। ਹਾਲਾਂਕਿ ਉਪ ਰਾਜਪਾਲ ਵੱਲੋਂ ਪ੍ਰਾਈਵੇਟ ਦਫਤਰਾਂ ਵਿੱਚ 50 ਫ਼ੀਸਦੀ ਲੋਕਾਂ ਨੂੰ ਜਾਣ ਦੀ ਇਜਾਜ਼ਤ ਦਿੱਤੀ ਹੈ।
ਐਲਜੀ ਹਾਊਸ ਨੇ ਇੱਕ ਬਿਆਨ ਵਿੱਚ ਕਿਹਾ ਕਿ ਪ੍ਰਾਈਵੇਟ ਦਫਤਰਾਂ ਵਿੱਚ 50 ਫੀਸਦੀ ਲੋਕਾਂ ਨੂੰ ਕੰਮ ਕਰਨ ਲਈ ਮਨਜ਼ੂਰੀ ਦਿੱਤੀ ਗਈ ਹੈ, ਪਰ ਵੀਕੈਂਡ ਕਰਫਿਊ ਅਤੇ ਬਾਜ਼ਾਰਾਂ ਨੂੰ ਖੋਲ੍ਹਣ ਸਬੰਧੀ ਮੌਜੂਦਾ ਨਿਯਮਾਂ ਨੂੰ ਲਾਗੂ ਰੱਖਣ ਦੀ ਸਲਾਹ ਦਿੱਤੀ ਗਈ ਹੈ। ਉਪ ਰਾਜਪਾਲ ਦੇ ਦਫਤਰ ਨੇ ਕਿਹਾ ਕਿ ਕੋਵਿਡ ਦੀ ਸਥਿਤੀ ਵਿੱਚ ਹੋਰ ਸੁਧਾਰ ਹੋਣ ‘ਤੇ ਇਸ ‘ਤੇ ਅਗਲਾ ਫੈਸਲਾ ਲਿਆ ਜਾਵੇਗਾ।
ਦੱਸ ਦੇਈਏ ਕਿ ਦਿੱਲੀ ਵਿੱਚ ਕੋਰੋਨਾ ਦੇ ਮਾਮਲੇ ਘੱਟ ਰਹੇ ਹਨ। ਜਿਸਦੇ ਮੱਦੇਨਜ਼ਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸ਼ੁੱਕਰਵਾਰ ਨੂੰ LG ਨੂੰ ਵੀਕੈਂਡ ਕਰਫਿਊ ਹਟਾਉਣ ਤੇ ਬਾਜ਼ਾਰ ਆਦਿ ਖੋਲ੍ਹਣ ਲਈ ਇੱਕ ਪ੍ਰਸ੍ਤਾਵ ਭੇਜਿਆ ਸੀ। ਦਿੱਲੀ ਵਿਚ ਕੋਰੋਨਾ ਦੇ ਵਧਦੇ ਮਾਮਲਿਆਂ ਕਾਰਨ ਕਈ ਪਾਬੰਦੀਆਂ ਲਗਾਈਆਂ ਗਈਆਂ ਸਨ। ਇਸ ਵਿੱਚ ਵੀਕੈਂਡ ਕਰਫਿਊ ਦੇ ਨਾਲ ਆਡ-ਈਵਨ ਸਿਸਟਮ ਵੀ ਸ਼ਾਮਲ ਸੀ। ਪ੍ਰਾਈਵੇਟ ਦਫਤਰਾਂ ਨੂੰ ਪੂਰੀ ਤਰ੍ਹਾਂ ਬੰਦ ਕਰਕੇ ਵਰਕ ਫਰਾਮ ਹੋਮ ਲਾਗੂ ਕੀਤਾ ਗਿਆ ਸੀ। ਦੁਕਾਨਾਂ ਲਈ ਲਾਗੂ ਆਡ-ਈਵਨ ਸਿਸਟਮ ਦਾ ਕਾਫੀ ਵਿਰੋਧ ਹੋ ਰਿਹਾ ਸੀ।
ਵੀਡੀਓ ਲਈ ਕਲਿੱਕ ਕਰੋ -: