Delhi Metro resumes: ਨਵੀਂ ਦਿੱਲੀ: ਕੋਰੋਨਾ ਵਾਇਰਸ ਦੀ ਲਾਗ ਕਾਰਨ ਦੇਸ਼ ਭਰ ਵਿੱਚ ਲਾਕਡਾਊਨ ਲਗਾਇਆ ਗਿਆ ਸੀ। ਜਨਤਕ ਆਵਾਜਾਈ ਸੇਵਾਵਾਂ ਵੀ ਬੰਦ ਕਰ ਦਿੱਤੀਆਂ ਗਈਆਂ ਸਨ। ਹੁਣ ਅਨਲੌਕ ਸ਼ੁਰੂ ਹੋਣ ਤੋਂ ਬਾਅਦ ਉਨ੍ਹਾਂ ਨੂੰ ਪੜਾਅਵਾਰ ਸ਼ੁਰੂ ਕੀਤਾ ਜਾ ਰਿਹਾ ਹੈ। ਇਸ ਤਰਤੀਬ ਵਿੱਚ ਦਿੱਲੀ ਮੈਟਰੋ 7 ਸਤੰਬਰ ਯਾਨੀ ਕਿ ਅੱਜ ਤੋਂ ਕਾਰਜਸ਼ੀਲ ਹੋ ਗਈ ਹੈ। ਮੈਟਰੋ ਸੇਵਾ ਸੋਮਵਾਰ ਨੂੰ ਸਵੇਰੇ 7 ਵਜੇ ਸ਼ੁਰੂ ਕੀਤੀ ਗਈ। ਪਹਿਲੇ ਪੜਾਅ ਤਹਿਤ ਪਹਿਲਾਂ ਯੈਲੋ ਲਾਈਨ ‘ਤੇ ਸੇਵਾ ਸ਼ੁਰੂ ਕੀਤੀ ਗਈ ਹੈ। ਇਸ ਰੂਟ ਰਾਹੀਂ ਯਾਤਰੀ ਸਮੇਂਪੁਰ ਬਾਦਲੀ ਤੋਂ ਗੁਰੂਗ੍ਰਾਮ ਦੇ ਹੁੱਡਾ ਸਿਟੀ ਸੈਂਟਰ ਤੱਕ ਜਾ ਸਕਣਗੇ । DMRC ਦਾ ਦਾਅਵਾ ਹੈ ਕਿ COVID-19 ਦੇ ਫੈਲਾਅ ਨੂੰ ਰੋਕਣ ਲਈ ਕਈ ਉਪਾਅ ਕੀਤੇ ਗਏ ਹਨ। ਦੱਸ ਦੇਈਏ ਕਿ ਦਿੱਲੀ ਮੈਟਰੋ ਸੇਵਾ 169 ਦਿਨਾਂ ਬਾਅਦ ਦੁਬਾਰਾ ਸ਼ੁਰੂ ਹੋ ਰਹੀ ਹੈ।
ਦਿੱਲੀ ਪੁਲਿਸ ਦੇ ਜੁਆਇੰਟ ਕਮਿਸ਼ਨਰ (ਯਾਤਾਯਾਤ) ਅਤੁਲ ਕਟਿਆਰ ਨੇ ਕਿਹਾ ਕਿ ਭੀੜ ਨੂੰ ਕਾਬੂ ਕਰਨ ਲਈ ਹਰ ਮੈਟਰੋ ਸਟੇਸ਼ਨ ‘ਤੇ ਭਾਰੀ ਪੁਲਿਸ ਫੋਰਸ ਤਾਇਨਾਤ ਕੀਤੀ ਗਈ ਹੈ। ਇਸ ਦੇ ਨਾਲ ਹੀ ਉਨ੍ਹਾਂ ਇਹ ਵੀ ਕਿਹਾ ਕਿ ਪੁਲਿਸ ਵਾਲੇ ਇਸ ਗੱਲ ‘ਤੇ ਵੱਲ ਵੀ ਧਿਆਨ ਦੇਣਗੇ ਕਿ ਮੈਟਰੋ ਤੋਂ ਯਾਤਰਾ ਕਰਨ ਵਾਲੇ ਯਾਤਰੀ ਫੇਸ ਮਾਸਕ ਪਾਏ ਹੋਏ ਹਨ ਜਾਂ ਸਮਾਜਿਕ ਦੂਰੀਆਂ ਦੀ ਪਾਲਣਾ ਕੀਤੀ ਜਾ ਰਹੀ ਹੈ ਜਾਂ ਨਹੀਂ । ਅਤੁਲ ਕਟਿਆਰ ਦੀ ਮੰਨੀਏ ਤਾਂ ਪੁਲਿਸ ਮੁਲਾਜ਼ਮਾਂ ਨੂੰ ਭੀੜ ‘ਤੇ ਕਾਬੂ ਪਾਉਣ ਦੇ ਨਾਲ-ਨਾਲ ਕੋਵਿਡ-19 ਨਾਲ ਜੁੜੀਆਂ ਸਾਰੀਆਂ ਹਦਾਇਤਾਂ ਨੂੰ ਵੀ ਯਕੀਨੀ ਬਣਾਉਣਾ ਪਵੇਗਾ।
ਦੱਸ ਦੇਈਏ ਕਿ ਦਿੱਲੀ ਮੈਟਰੋ ਪੰਜ ਮਹੀਨਿਆਂ ਤੋਂ ਵੱਧ ਸਮੇਂ ਬਾਅਦ ਸ਼ੁਰੂ ਹੋਇਆ ਹੈ। ਸੋਮਵਾਰ ਨੂੰ ਸਿਰਫ ਇੱਕ ਲਾਈਨ ਖੁੱਲ੍ਹੇਗੀ ਅਤੇ ਸੰਚਾਲਨ ਦਾ ਸਮਾਂ ਸਵੇਰੇ 7 ਵਜੇ ਤੋਂ 11 ਵਜੇ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੋਵੇਗਾ। ਇਸ ਦੇ ਨਾਲ ਹੀ ਪ੍ਰਮੁੱਖ ਮੈਟਰੋ ਸਟੇਸ਼ਨਾਂ ‘ਤੇ ਚੁਣੇ ਗਏ ਗੇਟ ਤੋਂ ਸਿਰਫ ਦਾਖਲੇ ਦੀ ਇਜਾਜ਼ਤ ਹੋਵੇਗੀ। ਬਾਹਰ ਜਾਣ ਲਈ ਇੱਕ ਵੱਖਰਾ ਗੇਟ ਵੀ ਹੋਵੇਗਾ। ਯਾਤਰੀਆਂ ਨੂੰ ਸਿਰਫ ਸਮਾਰਟ ਕਾਰਡਾਂ ਦੀ ਵਰਤੋਂ ਕਰਨ ਦੀ ਇਜ਼ਾਜ਼ਤ ਹੋਵੇਗੀ ਅਤੇ ਕੈਸ਼ ਰਹਿਤ / ਆਨਲਾਈਨ ਟ੍ਰਾਂਜੈਕਸ਼ਨ ਤਿੰਨ ਪੜਾਵਾਂ ਵਿੱਚ ਸ਼ੁਰੂ ਹੋ ਜਾਣਗੀਆਂ। ਫਿਲਹਾਲ ਕੁਝ ਸਟੇਸ਼ਨਾਂ ‘ਤੇ ਸੇਵਾਵਾਂ ਬੰਦ ਰਹਿਣਗੀਆਂ, ਪਰ 12 ਸਤੰਬਰ ਤੋਂ ਸਾਰੇ ਸਟੇਸ਼ਨਾਂ ‘ਤੇ ਸੇਵਾਵਾਂ ਬਹਾਲ ਕੀਤੀਆਂ ਜਾਣਗੀਆਂ।
ਇਸ ਤੋਂ ਇਲਾਵਾ ਸਮਾਜਿਕ ਦੂਰੀ ਨੂੰ ਯਕੀਨੀ ਬਣਾਉਣ ਲਈ ਸਟੇਸ਼ਨਾਂ ਅਤੇ ਟ੍ਰੇਨਾਂ ਦੇ ਅੰਦਰ ਵੀ ਮਾਰਕਿੰਗ ਕੀਤੀ ਗਈ ਹੈ। ਸਟੇਸ਼ਨ ਦੇ ਅਹਾਤੇ ਵਿੱਚ ਨਿਸ਼ਾਨ ਅਤੇ ਸੀਟਾਂ ‘ਤੇ ਸਟਿੱਕਰ ਲਗਾਏ ਗਏ ਹਨ ਤਾਂ ਜੋ ਸਮਾਜਿਕ ਦੂਰੀਆਂ ਦੀ ਪਾਲਣਾ ਕੀਤੀ ਜਾ ਸਕੇ। ਸਿਰਫ ਸਿਹਤ ਵਾਲੇ ਵਿਅਕਤੀਆਂ ਨੂੰ ਥਰਮਲ ਸਕ੍ਰੀਨਿੰਗ ਤੋਂ ਬਾਅਦ ਯਾਤਰਾ ਕਰਨ ਦੀ ਆਗਿਆ ਹੋਵੇਗੀ। ਯਾਤਰੀਆਂ ਵੱਲੋਂ ਵਰਤੋਂ ਲਈ ਹਰੇਕ ਐਂਟਰੀ ਪੁਆਇੰਟ ‘ਤੇ ਇੱਕ ਆਟੋਮੈਟਿਕ ਸੈਨੀਟਾਈਜ਼ਰ ਡਿਸਪੈਂਸਰ ਮਸ਼ੀਨ ਵੀ ਪ੍ਰਦਾਨ ਕੀਤੀ ਗਈ ਹੈ।