Delhi-NCR Monsoon Update: ਨਵੀਂ ਦਿੱਲੀ: ਦੱਖਣੀ ਅਤੇ ਉੱਤਰ-ਪੂਰਬੀ ਰਾਜਾਂ ਨੂੰ ਗਿੱਲਾ ਕਰਨ ਤੋਂ ਬਾਅਦ ਮਾਨਸੂਨ ਨੇ ਦੇਸ਼ ਦੇ ਲਗਭਗ 70% ਹਿੱਸੇ ਨੂੰ ਕਵਰ ਕਰ ਲਿਆ ਹੈ। ਮਾਨਸੂਨ ਉੱਤਰ ਭਾਰਤ ਵਿੱਚ ਸਰਗਰਮ ਹੋ ਗਿਆ ਹੈ। ਅਜਿਹੀ ਸਥਿਤੀ ਵਿੱਚ ਅਗਲੇ 24 ਘੰਟਿਆਂ ਵਿੱਚ ਦਿੱਲੀ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼, ਬਿਹਾਰ ਵਿੱਚ ਚੰਗੀ ਬਾਰਿਸ਼ ਹੋਣ ਦੀ ਸੰਭਾਵਨਾ ਹੈ । ਇਹ ਅਗਲੇ 24 ਘੰਟਿਆਂ ਵਿੱਚ ਉਤਰਾਖੰਡ ਵਿੱਚ ਵੀ ਦਸਤਕ ਦੇ ਸਕਦਾ ਹੈ। ਭਾਰਤੀ ਮੌਸਮ ਵਿਭਾਗ (IMD) ਅਨੁਸਾਰ ਦਿੱਲੀ ਵਿੱਚ ਪਹਿਲਾ ਮਾਨਸੂਨ 27 ਜੂਨ ਨੂੰ ਪਹੁੰਚਣ ਦੀ ਉਮੀਦ ਸੀ, ਪਰ ਹੁਣ ਮਾਨਸੂਨ 25 ਜੂਨ ਤੱਕ ਦਿੱਲੀ ਪਹੁੰਚਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਨੇ ਦਿੱਲੀ ਵਿੱਚ ਮਾਨਸੂਨ ਬਾਰਿਸ਼ ਲਈ ਆਰੇਂਜ ਅਲਰਟ ਵੀ ਜਾਰੀ ਕਰ ਦਿੱਤਾ ਹੈ।
ਭਾਰਤੀ ਮੌਸਮ ਵਿਭਾਗ (IMD) ਨੇ ਬੁੱਧਵਾਰ ਅਤੇ ਵੀਰਵਾਰ ਨੂੰ ਦਿੱਲੀ ਦੇ ਕੁਝ ਇਲਾਕਿਆਂ ਵਿੱਚ ਬਾਰਿਸ਼ ਹੋਣ ਦੀ ਭਵਿੱਖਬਾਣੀ ਕੀਤੀ ਹੈ। ਮੌਸਮ ਵਿਭਾਗ ਨੇ ਕਿਹਾ, “ਮਾਨਸੂਨ ਦੇ ਆਉਣ ਲਈ ਅਨੁਕੂਲ ਹਾਲਾਤ ਬਣੇ ਹੋਏ ਹਨ । ਆਉਣ ਵਾਲੇ 48 ਘੰਟਿਆਂ ਵਿੱਚ ਮਾਨਸੂਨ ਦੇ ਉੱਤਰ ਪ੍ਰਦੇਸ਼, ਪੱਛਮੀ ਹਿਮਾਲਿਆਈ ਖੇਤਰ, ਹਰਿਆਣਾ, ਚੰਡੀਗੜ੍ਹ, ਦਿੱਲੀ, ਪੰਜਾਬ ਦੇ ਜ਼ਿਆਦਾਤਰ ਹਿੱਸਿਆਂ, ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਪਹੁੰਚਣ ਦੀ ਸੰਭਾਵਨਾ ਹੈ ।
ਜ਼ਿਕਰਯੋਗ ਹੈ ਕਿ ਆਮ ਤੌਰ ‘ਤੇ ਮਾਨਸੂਨ 27 ਜੂਨ ਤੱਕ ਦਿੱਲੀ ਪਹੁੰਚਦਾ ਹੈ। ਮੌਸਮ ਵਿਗਿਆਨੀਆਂ ਨੇ ਕਿਹਾ ਕਿ ਚੱਕਰਵਾਤ ਪ੍ਰਣਾਲੀ ਨੂੰ ਸਮੇਂ ਤੋਂ ਪਹਿਲਾਂ ਮਾਨਸੂਨ ਦੇ ਪਹੁੰਚਣ ਦਾ ਕਾਰਨ ਮੰਨਿਆ ਜਾ ਸਕਦਾ ਹੈ, ਜੋ ਕਿ ਦੱਖਣ-ਪੱਛਮੀ ਉੱਤਰ ਪ੍ਰਦੇਸ਼ ਵਿੱਚ 19-20 ਜੂਨ ਨੂੰ ਬਣਿਆ ਅਤੇ ਮਾਨਸੂਨ ਦੇ ਆਉਣ ਵਿੱਚ ਸਹਾਇਤਾ ਕੀਤੀ ।
ਦੱਸ ਦੇਈਏ ਕਿ ਅਗਲੇ 24 ਘੰਟਿਆਂ ਦੌਰਾਨ ਦਿੱਲੀ, ਉੱਤਰ ਪ੍ਰਦੇਸ਼, ਉਤਰਾਖੰਡ, ਗੋਆ, ਕਰਨਾਟਕ, ਉੱਤਰ-ਪੂਰਬੀ ਭਾਰਤ, ਬਿਹਾਰ, ਛੱਤੀਸਗੜ, ਪੰਜਾਬ, ਹਰਿਆਣਾ, ਮੱਧ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਇਲਾਕਿਆਂ ਵਿੱਚ ਦਰਮਿਆਨੀ ਤੋਂ ਭਾਰੀ ਬਾਰਿਸ਼ ਹੋ ਸਕਦੀ ਹੈ। ਉੱਥੇ ਹੀ ਝਾਰਖੰਡ, ਪੱਛਮੀ ਬੰਗਾਲ, ਆਂਧਰਾ ਪ੍ਰਦੇਸ਼, ਗੁਜਰਾਤ, ਤਾਮਿਲਨਾਡੂ ਅਤੇ ਓਡੀਸ਼ਾ ਦੇ ਕੁਝ ਹਿੱਸਿਆਂ ਵਿੱਚ ਹਲਕੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਗਈ ਹੈ । ਇਸ ਤੋਂ ਇਲਾਵਾ ਪਹਾੜੀ ਰਾਜਾਂ ਜੰਮੂ-ਕਸ਼ਮੀਰ ਅਤੇ ਹਿਮਾਚਲ ਪ੍ਰਦੇਸ਼ ਵਿੱਚ ਵੀ ਹਲਕੀ ਬਾਰਿਸ਼ ਪੈਣ ਦੀ ਸੰਭਾਵਨਾ ਹੈ ।