Delhi-NCR rain: ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਲਗਾਤਾਰ ਦੋ ਦਿਨਾਂ ਤੋਂ ਭਾਰੀ ਬਾਰਿਸ਼ ਹੋ ਰਹੀ ਹੈ । ਬੀਤੀ ਰਾਤ ਦਿੱਲੀ-ਐਨਸੀਆਰ ਵਿੱਚ ਬੱਦਲ ਵਰਸਦੇ ਰਹੇ ਅਤੇ ਬਾਰਿਸ਼ ਦਾ ਇਹ ਸਿਲਸਿਲਾ ਵੀਰਵਾਰ ਯਾਨੀ ਅੱਜ ਸਵੇਰੇ ਤੋਂ ਜਾਰੀ ਹੈ । ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਪਰ ਪਾਣੀ ਭਰਨ ਦੀ ਮੁਸੀਬਤ ਨੇ ਦਿੱਲੀ ਵਾਸੀਆਂ ਦੇ ਤਣਾਅ ਨੂੰ ਦੁੱਗਣਾ ਕਰ ਦਿੱਤਾ ਹੈ। ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਕਈ ਇਲਾਕਿਆਂ ਵਿੱਚ ਪਾਣੀ ਭਰ ਗਿਆ ਹੈ। ਗਲੀਆਂ ਪਾਣੀ ਵਿੱਚ ਡੁੱਬ ਗਈਆਂ ਹਨ।
ਜਗ੍ਹਾ-ਜਗ੍ਹਾ ਸੜਕਾਂ ‘ਤੇ ਕਈ ਫੁੱਟ ਤੱਕ ਪਾਣੀ ਭਰ ਗਿਆ ਹੈ। ਇਸ ਦੌਰਾਨ ਦਿੱਲੀ ਵਿੱਚ ਭਾਰੀ ਬਾਰਿਸ਼ ਕਾਰਨ ਕਿਤੇ ਦਰੱਖਤ ਡਿੱਗ ਪਏ ਹਨ ਤਾਂ ਕਿਤੇ ਪਾਣੀ ਭਰਨ ਕਾਰਨ ਲੋਕਾਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪਿਆ । ਸੜਕਾਂ ‘ਤੇ ਪਾਣੀ ਭਰ ਜਾਣ ਨਾਲ ਆਵਾਜਾਈ ਵਿੱਚ ਮੁਸ਼ਕਿਲਾਂ ਆ ਰਹੀਆਂ ਹਨ । ਕੱਲ੍ਹ ਵੀ ਦਿੱਲੀ-ਐਨਸੀਆਰ ਵਿੱਚ ਭਾਰੀ ਬਾਰਿਸ਼ ਹੋਈ ਸੀ । ਦਿੱਲੀ, ਨੋਇਡਾ, ਗੁਰੂਗਰਾਮ ਅਤੇ ਗਾਜ਼ੀਆਬਾਦ ਵਿੱਚ ਪਿਛਲੇ 24 ਘੰਟਿਆਂ ਤੋਂ ਲਗਾਤਾਰ ਪਈ ਬਾਰਿਸ਼ ਨੇ ਸਥਿਤੀ ਨੂੰ ਬੇਹਾਲ ਕਰ ਦਿੱਤਾ ਹੈ।
ਭਾਰਤੀ ਮੌਸਮ ਵਿਭਾਗ ਨੇ ਦੱਸਿਆ ਕਿ ਦਿਨ ਵਿੱਚ ਹਾਲੇ ਹੋਰ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਵੀਰਵਾਰ ਸ਼ਾਮ ਤੱਕ ਮਾਨਸੂਨ ਦਾ ਧੁਰਾ ਦਿੱਲੀ-ਐਨਸੀਆਰ ਦੇ ਨੇੜੇ ਰਹੇਗਾ । ਉਨ੍ਹਾਂ ਕਿਹਾ ਕਿ ਅਰਬ ਸਾਗਰ ਤੋਂ ਆਉਣ ਵਾਲੀਆਂ ਦੱਖਣ-ਪੂਰਬੀ ਹਵਾਵਾਂ ਅਤੇ ਬੰਗਾਲ ਦੀ ਖਾੜੀ ਤੋਂ ਆਉਣ ਵਾਲੀਆਂ ਤੇਜ਼ ਹਵਾਵਾਂ ਕਾਰਨ ਖੇਤਰ ਵਿੱਚ ਨਮੀ ਬਰਕਰਾਰ ਹੈ।