Delhi police farmer protest: ਪੰਜਾਬ ਤੋਂ ਚੱਲੇ ਕਿਸਾਨਾਂ ਦਾ ਕਾਫਲਾ ਹੁਣ ਰਾਜਧਾਨੀ, ਦਿੱਲੀ ਪਹੁੰਚ ਗਿਆ ਹੈ। ਸਾਰੇ ਅੜਿੱਕੇ ਦੂਰ ਕਰਦਿਆਂ ਕਿਸਾਨ ਆਖਰਕਾਰ ਦਿੱਲੀ ਦੇ ਨੇੜੇ ਪਹੁੰਚ ਗਏ ਹਨ। ਅਜਿਹੀ ਸਥਿਤੀ ਵਿੱਚ, ਦਿੱਲੀ ਪੁਲਿਸ ਨੇ ਹੁਣ ਆਪਣੀ ਤਿਆਰੀ ਵਧਾ ਦਿੱਤੀ ਹੈ। ਰਾਜਧਾਨੀ ਵਿੱਚ ਪੁਲਿਸ ਹੁਣ ਸਟੇਡੀਅਮਾਂ ਨੂੰ ਆਰਜ਼ੀ ਜੇਲ ਬਣਾਉਣ ਦੀ ਤਿਆਰੀ ਕਰ ਰਹੀ ਹੈ, ਜਿਸ ਲਈ ਸਰਕਾਰ ਤੋਂ ਇਜਾਜ਼ਤ ਮੰਗੀ ਗਈ ਹੈ। ਦਿੱਲੀ ਪੁਲਿਸ ਨੇ ਰਾਜ ਸਰਕਾਰ ਤੋਂ ਸ਼ਹਿਰ ਦੇ ਨੌਂ ਸਟੇਡੀਅਮਾਂ ਨੂੰ ਅਸਥਾਈ ਜੇਲ ਵਿੱਚ ਤਬਦੀਲ ਕਰਨ ਦੀ ਆਗਿਆ ਮੰਗੀ ਹੈ। ਜੇ ਦਿੱਲੀ ਵਿੱਚ ਪ੍ਰਦਰਸ਼ਨ ਵੱਧਦਾ ਹੈ, ਤਾਂ ਕਿਸਾਨਾਂ ਨੂੰ ਇਨ੍ਹਾਂ ਥਾਵਾਂ ‘ਤੇ ਲਿਆਂਦਾ ਜਾ ਸਕਦਾ ਹੈ
ਤੁਹਾਨੂੰ ਦੱਸ ਦੇਈਏ ਕਿ ਪੰਜਾਬ ਤੋਂ ਕਿਸਾਨ ਹਰਿਆਣਾ ਦੇ ਰਸਤੇ ਦਿੱਲੀ ਆ ਰਹੇ ਹਨ। ਕਿਸਾਨ ਦੇਰ ਰਾਤ ਤੱਕ ਪਾਣੀਪਤ ਪਹੁੰਚ ਗਏ ਸਨ, ਜੋ ਹੁਣ ਦਿੱਲੀ ਦੀ ਸਰਹੱਦ ਤੋਂ ਸਿਰਫ ਕੁੱਝ ਹੀ ਦੂਰੀ ‘ਤੇ ਹਨ। ਸ਼ੁੱਕਰਵਾਰ ਸਵੇਰੇ ਸਿੰਧ ਸਰਹੱਦ ‘ਤੇ ਪੁਲਿਸ ਅਤੇ ਕਿਸਾਨਾਂ ਦਰਮਿਆਨ ਬਹਿਸ ਹੋਈ, ਪੁਲਿਸ ਨੇ ਕਿਸਾਨਾਂ ਨੂੰ ਵਾਪਿਸ ਜਾਣ ਲਈ ਕਿਹਾ ਸੀ। ਪਰ ਕਿਸਾਨਾਂ ਨੇ ਵਾਪਸੀ ਤੋਂ ਇਨਕਾਰ ਕਰ ਦਿੱਤਾ ਅਤੇ ਉਹ ਦਿੱਲੀ ਦੇ ਰਾਮਲੀਲਾ ਮੈਦਾਨ-ਜੰਤਰ-ਮੰਤਰ ਜਾਣ ਲਈ ਅੜੇ ਹੋਏ ਹਨ। ਦੂਜੇ ਪਾਸੇ, ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਨੇ ਕਿਹਾ ਹੈ ਕਿ ਸਰਕਾਰ ਨੇ 3 ਦਸੰਬਰ ਨੂੰ ਕਿਸਾਨਾਂ ਨੂੰ ਗੱਲਬਾਤ ਲਈ ਬੁਲਾਇਆ ਹੈ। ਹਾਲਾਂਕਿ, ਕਿਸਾਨਾਂ ਦਾ ਕਹਿਣਾ ਹੈ ਕਿ ਉਹ ਹੁਣ ਸਿੱਧੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਗੱਲਬਾਤ ਕਰਨਗੇ। ਕਿਸਾਨਾਂ ਦੇ ਪ੍ਰਦਰਸ਼ਨ ਕਾਰਨ ਸਰਹੱਦ ‘ਤੇ ਜਾਮ ਦੀ ਸਥਿਤੀ ਹੈ ਅਤੇ ਹਰ ਵਾਹਨ ਦੀ ਤਲਾਸ਼ੀ ਲਈ ਜਾ ਰਹੀ ਹੈ। ਪੁਲਿਸ ਨੂੰ ਡਰ ਹੈ ਕਿ ਕਿਸਾਨ ਵਾਹਨਾਂ ਵਿੱਚ ਛੋਟੇ ਸਮੂਹਾਂ ਵਿੱਚ ਆ ਸਕਦੇ ਹਨ। ਇਹੀ ਕਾਰਨ ਹੈ ਕਿ ਪੁਲਿਸ ਸਖਤੀ ਨਾਲ ਕਾਰਵਾਈ ਕਰ ਰਹੀ ਹੈ।