Delhi Rains: ਨਵੀਂ ਦਿੱਲੀ: ਦਿੱਲੀ-ਐਨਸੀਆਰ ਵਿੱਚ ਮੌਸਮ ਇੱਕ ਵਾਰ ਫਿਰ ਬਦਲ ਗਿਆ ਹੈ। ਸਵੇਰ ਤੋਂ ਹੀ ਦਿੱਲੀ ਅਤੇ ਐਨਸੀਆਰ ਦੇ ਕਈ ਇਲਾਕਿਆਂ ਵਿੱਚ ਬਾਰਿਸ਼ ਹੋ ਰਹੀ ਹੈ। ਭਾਰੀ ਬਾਰਿਸ਼ ਤੋਂ ਬਾਅਦ ਲੋਕਾਂ ਨੂੰ ਦਿੱਲੀ ਵਿੱਚ ਭਾਰੀ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਦਰ ਡੇਅਰੀ ਅੰਡਰਪਾਸ, ਮਯੂਰ ਵਿਹਾਰ ਫੇਜ਼ -2 ਅੰਡਰਪਾਸ, ਸਰਾਏ ਕਾਲੇ ਖਾਨ ਤੋਂ ਡੀ.ਐਨ.ਡੀ., ਸ਼ਸ਼ੀ ਗਾਰਡਨ ਤੋਂ ਕੋਟਲਾ, ਸੀਮਾਪੁਰੀ ਤੋਂ ਦਿਲਸ਼ਾਦ ਗਾਰਡਨ ਅੰਡਰਪਾਸ, ਮੈਦਾਨ ਗੜ੍ਹੀ ਤੋਂ ਐਮ.ਬੀ. ਰੋਡ ‘ਤੇ ਪਾਣੀ ਭਰ ਗਿਆ ਹੈ। ਰਾਜਧਾਨੀ ਵਿੱਚ ਬਾਰਿਸ਼ ਦੇ ਨਾਲ ਹੀ ਚਾਰੇ ਪਾਸੇ ਸੰਘਣੇ ਬੱਦਲ ਛਾਏ ਹੋਏ ਹਨ । ਬੁੱਧਵਾਰ ਸਵੇਰ ਤੋਂ ਲਗਾਤਾਰ ਹੋ ਰਹੀ ਬਾਰਿਸ਼ ਕਾਰਨ ਦਿੱਲੀ ਦੀਆਂ ਕਈ ਸੜਕਾਂ ਪਾਣੀ ਵਿੱਚ ਡੁੱਬ ਗਈਆਂ ਹਨ। ਦਿੱਲੀ ਵਿੱਚ ਬੱਦਲ ਛਾਏ ਰਹਿਣ ਕਾਰਨ ਦਿਨ ਵਿੱਚ ਹੀ ਹਨੇਰਾ ਛਾ ਗਿਆ ਹੈ।
ਮੌਸਮ ਵਿਭਾਗ ਵੱਲੋਂ ਦਿੱਲੀ ਵਿੱਚ ਅਗਲੇ ਦੋ ਤੋਂ ਤਿੰਨ ਦਿਨ ਤੱਕ ਭਾਰੀ ਬਾਰਿਸ਼ ਦੀ ਭਵਿੱਖਬਾਣੀ ਕੀਤੀ ਹੈ। ਬੀਤੇ ਦਿਨ ਯਾਨੀ ਕਿ ਮੰਗਲਵਾਰ ਨੂੰ ਵੀ ਦਿਨ ਭਰ ਬੱਦਲ ਛਾਏ ਰਹੇ ਅਤੇ ਕੁਝ ਥਾਵਾਂ ‘ਤੇ ਹਲਕੀ ਬਾਰਿਸ਼ ਹੋਈ। ਇਸ ਨਾਲ ਦਿੱਲੀ ਦੇ ਤਾਪਮਾਨ ਵਿੱਚ ਕਾਫੀ ਗਿਰਾਵਟ ਦਰਜ ਕੀਤੀ ਗਈ । ਮੰਗਲਵਾਰ ਨੂੰ ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 35 ਡਿਗਰੀ ਸੈਲਸੀਅਸ ਰਿਕਾਰਡ ਕੀਤਾ ਗਿਆ ਜੋ ਆਮ ਨਾਲੋਂ 1 ਡਿਗਰੀ ਵੱਧ ਹੈ । ਰਾਜਧਾਨੀ ਵਿੱਚ ਨਮੀ ਦਾ ਪੱਧਰ 98 ਪ੍ਰਤੀਸ਼ਤ ਰਿਹਾ।
ਦੱਸ ਦੇਈਏ ਕਿ ਮੌਸਮ ਵਿਭਾਗ ਦੀ ਭਵਿੱਖਬਾਣੀ ਅਨੁਸਾਰ 25 ਅਗਸਤ ਤੱਕ ਦਿੱਲੀ ਵਿੱਚ ਬਾਰਿਸ਼ ਦਾ ਸਿਲਸਿਲਾ ਜਾਰੀ ਰਹਿਣ ਵਾਲਾ ਹੈ। ਇਸ ਦੌਰਾਨ 19 ਅਤੇ 20 ਅਗਸਤ ਨੂੰ ਭਾਰੀ ਬਾਰਿਸ਼ ਦੀ ਚੇਤਾਵਨੀ ਹੈ। 21 ਤੋਂ 25 ਅਗਸਤ ਤੱਕ ਦਰਮਿਆਨੀ ਤੋਂ ਹਲਕੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਭਾਰੀ ਬਾਰਿਸ਼ ਤੋਂ ਬਾਅਦ ਦਿੱਲੀ ਦੀਆਂ ਸੜਕਾਂ ‘ਤੇ ਪਾਣੀ ਭਰ ਗਿਆ। ਇਸ ਕਾਰਨ ਸ਼ਹਿਰ ਵਿੱਚ ਹਰ ਜਗ੍ਹਾ ਲੋਕਾਂ ਨੂੰ ਭਾਰੀ ਜਾਮ ਦਾ ਸਾਹਮਣਾ ਕਰਨਾ ਪੈ ਰਿਹਾ ਹੈ ।