Delhi reports 121 deaths: ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਇੱਕ ਵਾਰ ਫਿਰ ਕੋਰੋਨਾ ਵਾਇਰਸ ਮਹਾਂਮਾਰੀ ਨੇ ਤਬਾਹੀ ਮਚਾਉਣੀ ਸ਼ੁਰੂ ਕਰ ਦਿੱਤੀ ਹੈ । ਦਿੱਲੀ ਵਿੱਚ ਹਰ ਰੋਜ਼ ਨਵੇਂ ਕੇਸਾਂ ਦੀ ਗਿਣਤੀ ਵੱਧ ਰਹੀ ਹੈ, ਇਸਦੇ ਨਾਲ ਹੀ ਕੋਰੋਨਾ ਨਾਲ ਹੋਈਆਂ ਮੌਤਾਂ ਦੀ ਗਿਣਤੀ ਵੀ ਵਧੀ ਹੈ । ਜਿਸ ਤੋਂ ਬਾਅਦ ਸਖਤੀ ਵਧਣੀ ਸ਼ੁਰੂ ਹੋ ਗਈ ਹੈ। ਦਿੱਲੀ ਵਿੱਚ ਮਾਸਕ ਨਾ ਪਾਉਣ ‘ਤੇ ਚਲਾਨ ਕੱਟਣੇ ਸ਼ੁਰੂ ਹੋ ਗਏ ਹਨ, ਨਾਲ ਹੀ ਸਮਾਜਿਕ ਦੂਰੀਆਂ ਦੀ ਪਾਲਣਾ ਨਾ ਕਰਨ ਕਾਰਨ ਇੱਕ ਬਾਜ਼ਾਰ ਵੀ ਬੰਦ ਕਰ ਦਿੱਤਾ ਗਿਆ ਹੈ।
ਤਿਉਹਾਰਾਂ ਦੌਰਾਨ ਅਤੇ ਉਸਦੇ ਬਾਅਦ ਦਿੱਲੀ ਦੇ ਬਾਜ਼ਾਰਾਂ ਵਿੱਚ ਭੀੜ ਕਾਫ਼ੀ ਵੱਧ ਗਈ ਹੈ। ਅਜਿਹੀ ਸਥਿਤੀ ਵਿੱਚ ਕੋਰੋਨਾ ਦਿਸ਼ਾ-ਨਿਰਦੇਸ਼ਾਂ ਦੀਆਂ ਧੱਜੀਆਂ ਉੱਡਦੀਆਂ ਦਿਖਾਈ ਦੇ ਰਹੀਆਂ ਹਨ, ਇਸ ਦੇ ਮੱਦੇਨਜ਼ਰ ਉੱਤਰ ਦਿੱਲੀ ਨਗਰ ਨਿਗਮ ਨੇ ਐਤਵਾਰ ਨੂੰ ਕਾਰਵਾਈ ਕੀਤੀ । ਨਾਂਗਲੋਈ ਵਿੱਚ ਜਨਤਾ ਮਾਰਕੀਟ ਨੂੰ ਇੱਕ ਹਫਤੇ ਲਈ ਸੀਲ ਕਰ ਦਿੱਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਇੱਥੇ ਸਮਾਜਿਕ ਦੂਰੀਆਂ ਦੀ ਪਾਲਣਾ ਨਹੀਂ ਕੀਤੀ ਜਾ ਰਹੀ ਸੀ। ਅਜਿਹੀ ਸਥਿਤੀ ਵਿੱਚ ਅਗਲੇ ਦਿਨਾਂ ਵਿੱਚ ਕੁਝ ਹੋਰ ਥਾਵਾਂ ‘ਤੇ ਅਜਿਹੀ ਸਖਤੀ ਵੇਖੀ ਜਾ ਸਕਦੀ ਹੈ।
ਨਾਂਗਲੋਈ ਵਿੱਚ ਸ਼ਾਮ ਨੂੰ ਲੱਗਣ ਵਾਲੀ ਪੰਜਾਬੀ ਬਸਤੀ ਮਾਰਕੀਟ ਅਤੇ ਜਨਤਾ ਮਾਰਕੀਟ ਨੂੰ 30 ਨਵੰਬਰ ਤੱਕ ਬੰਦ ਰੱਖਣ ਦੇ ਆਦੇਸ਼ ਦਿੱਤੇ ਗਏ ਹਨ । ਇਸ ਸਥਾਨ ‘ਤੇ ਪੀਕ ਘੰਟਿਆਂ ਵਿੱਚ ਦੋ ਸੌ ਤੋਂ ਵੱਧ ਵਿਕਰੇਤਾ ਮੌਜੂਦ ਸਨ, ਜਿਸ ਕਾਰਨ ਇੱਥੇ ਬਹੁਤ ਭੀੜ ਹੋ ਰਹੀ ਸੀ।
ਦਰਅਸਲ, ਦਿੱਲੀ ਵਿੱਚ ਹੁਣ ਮਾਸਕ ਨਾ ਪਾਉਣ ਲਈ ਦੋ ਹਜ਼ਾਰ ਰੁਪਏ ਦਾ ਜੁਰਮਾਨਾ ਲਗਾਇਆ ਜਾ ਰਿਹਾ ਹੈ । ਬੀਤੇ ਦਿਨ ਕੁੱਲ 1501 ਚਲਾਨ ਕੱਟੇ ਗਏ, ਇਸਦੇ ਨਾਲ ਹੀ ਰਾਜਧਾਨੀ ਵਿੱਚ ਮਾਸਕ ਨਾ ਪਹਿਨਣ ਕਾਰਨ ਪੰਜ ਲੱਖ ਤੋਂ ਵੱਧ ਚਲਾਨ ਕੱਟੇ ਗਏ ਹਨ । ਹਾਲਾਂਕਿ, ਚਲਾਨ ਕੱਟਣ ਦੇ ਤਰੀਕਿਆਂ ‘ਤੇ ਕਈ ਕਿਸਮਾਂ ਦੀਆਂ ਬਹਿਸਾਂ ਵੀ ਸ਼ੁਰੂ ਹੋ ਗਈਆਂ ਹਨ। ਕਿਉਂਕਿ ਕੁਝ ਅਜਿਹੇ ਮਾਮਲੇ ਵੀ ਸਾਹਮਣੇ ਆਏ ਹਨ ਜਿੱਥੇ ਕਾਰ ਵਿੱਚ ਬੈਠੇ ਇਕੱਲੇ ਵਿਅਕਤੀ ਦਾ ਵੀ ਚਲਾਨ ਵੀ ਕੱਟਿਆ ਗਿਆ ਹੈ, ਜੋ ਕਿ ਚਰਚਾ ਦਾ ਵਿਸ਼ਾ ਬਣ ਗਿਆ ਹੈ।
ਦੱਸ ਦੇਈਏ ਕਿ ਰਾਜਧਾਨੀ ਵਿੱਚ ਕੋਰੋਨਾ ਦਾ ਖੌਫ਼ ਲਗਾਤਾਰ ਵੱਧ ਰਿਹਾ ਹੈ ਅਤੇ ਅੰਕੜੇ ਵੀ ਤੇਜ਼ੀ ਨਾਲ ਬਦਲ ਰਹੇ ਹਨ। ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ ਕੁੱਲ 6746 ਕੋਰੋਨਾ ਮਾਮਲੇ ਦਰਜ ਕੀਤੇ ਗਏ, ਜਦਕਿ ਕੁੱਲ 121 ਲੋਕਾਂ ਦੀ ਮੌਤ ਹੋ ਗਈ । ਦਿੱਲੀ ਵਿੱਚ ਹਰ ਦਿਨ ਵੱਧ ਰਹੀ ਮੌਤਾਂ ਦੀ ਗਿਣਤੀ ਇੱਕ ਵਾਰ ਫਿਰ ਡਰਾਉਣ ਲੱਗੀ ਹੈ। ਹੁਣ ਤੱਕ ਦਿੱਲੀ ਵਿੱਚ ਕੋਰੋਨਾ ਵਾਇਰਸ ਕਾਰਨ 8391 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਦੋਂਕਿ ਕੁੱਲ ਕੇਸਾਂ ਦੀ ਗਿਣਤੀ ਸਾਢੇ ਪੰਜ ਲੱਖ ਤੱਕ ਪਹੁੰਚ ਗਈ ਹੈ । ਦਿੱਲੀ ਵਿੱਚ ਸਰਗਰਮ ਮਾਮਲਿਆਂ ਦੀ ਗਿਣਤੀ 40 ਹਜ਼ਾਰ ਨੂੰ ਪਾਰ ਕਰ ਗਈ ਹੈ।
ਇਹ ਵੀ ਦੇਖੋ: ਵੱਡੇ-2 ਖਿਡਾਰੀਆਂ ਦੀ ਅਨੋਖੀ ਪਹਿਲ, ਵਾਤਾਵਰਣ ਲਈ ਵੇਖੋ ਚਲਾਉਣ ਨਿਕਲੇ 200 ਕਿਲੋਮੀਟਰ ਸਾਈਕਲ…