ਦੱਖਣੀ-ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਸ਼ਨੀਵਾਰ ਦੇਰ ਰਾਤ ਇੱਕ ਰੋਹਿੰਗਿਆ ਸ਼ਰਨਾਰਥੀ ਕੈਂਪ ਵਿੱਚ ਭਿਆਨਕ ਅੱਗ ਲੱਗ ਗਈ। ਜਿਸ ਵਿੱਚ 50 ਤੋਂ ਵੱਧ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ । ਇਸ ਸਬੰਧੀ ਅਧਿਕਾਰੀਆਂ ਨੇ ਐਤਵਾਰ ਨੂੰ ਜਾਣਕਾਰੀ ਦਿੱਤੀ ।
ਇਸ ਬਾਰੇ ਫਾਇਰ ਬ੍ਰਿਗੇਡ ਦੇ ਇੱਕ ਸੀਨੀਅਰ ਅਧਿਕਾਰੀ ਨੇ ਦੱਸਿਆ ਕਿ ਇਹ ਘਟਨਾ ਸ਼ਨੀਵਾਰ ਨੂੰ ਵਾਪਰੀ ਅਤੇ ਫਾਇਰ ਬ੍ਰਿਗੇਡ ਨੂੰ ਰਾਤ ਕਰੀਬ 11.55 ਵਜੇ ਇਸਦੀ ਸੂਚਨਾ ਮਿਲੀ। ਫਿਲਹਾਲ ਇਸ ਅੱਗ ਵਿੱਚ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਹੋਣ ਦੀ ਕੋਈ ਖਬਰ ਨਹੀਂ ਹੈ।
ਅਧਿਕਾਰੀ ਨੇ ਦੱਸਿਆ ਕਿ ਕਾਲਿੰਦੀ ਕੁੰਜ ਮੈਟਰੋ ਸਟੇਸ਼ਨ ਨੇੜੇ ਮਦਨਪੁਰ ਖਾਦਰ ਵਿੱਚ ਅੱਗ ਲੱਗਣ ਦੀ ਸੂਚਨਾ ਮਿਲਣ ‘ਤੇ 5 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਤੁਰੰਤ ਮੌਕੇ ‘ਤੇ ਪਹੁੰਚ ਗਈਆਂ। ਸਵੇਰੇ 3 ਵਜੇ ਦੇ ਕਰੀਬ ਇਸ ਅੱਗ ‘ਤੇ ਕਾਬੂ ਪਾ ਲਿਆ ਗਿਆ।
ਪੁਲਿਸ ਦੇ ਅਨੁਸਾਰ ਕਾਲਿੰਦੀ ਕੁੰਜ ਥਾਣੇ ਦੇ ਰੋਹਿੰਗਿਆ ਕੈਂਪ ਵਿੱਚ ਅੱਗ ਲੱਗਣ ਦੇ ਸਬੰਧ ਵਿੱਚ ਇੱਕ ਪੀਸੀਆਰ ਕਾਲ ਮਿਲੀ ਸੀ । ਜਿਸ ਤੋਂ ਬਾਅਦ ਪੁਲਿਸ ਤੁਰੰਤ ਮਦਨਪੁਰ ਖਾਦਰ ਦੇ ਕੰਚਨ ਕੁੰਜ ਵਿਖੇ ਮੌਕੇ ‘ਤੇ ਪਹੁੰਚ ਗਈ । ਇਸ ਬਾਰੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਅੱਗ ‘ਤੇ ਕੁਝ ਦੇਰ ਬਾਅਦ ਕਾਬੂ ਪਾ ਲਿਆ ਗਿਆ।
ਦੱਸ ਦੇਈਏ ਕਿ ਇਸ ਘਟਨਾ ਬਾਰੇ ਡਿਪਟੀ ਕਮਿਸ਼ਨਰ ਪੁਲਿਸ (ਦੱਖਣੀ-ਪੂਰਬ) ਆਰ.ਪੀ. ਮੀਨਾ ਨੇ ਦੱਸਿਆ ਕਿ 270 ਰੋਹਿੰਗਿਆ ਸ਼ਰਨਾਰਥੀਆਂ ਦੀਆਂ 56 ਝੁੱਗੀਆਂ ਸੜ ਕੇ ਸੁਆਹ ਹੋ ਗਈਆਂ। ਫਿਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ ਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾ ਰਹੀ ਹੈ।