ਦਿੱਲੀ ਵਿੱਚ ਕੋਰੋਨਾ ਸੰਕ੍ਰਮਣ ਦੇ ਮਾਮਲਿਆਂ ਵਿੱਚ ਕਮੀ ਦੇ ਮੱਦੇਨਜ਼ਰ ਹੁਣ ਢਿੱਲ ਮਿਲਣੀ ਸ਼ੁਰੂ ਹੋ ਗਈ ਹੈ। ਇਸੇ ਵਿਚਾਲੇ ਦਿੱਲੀ ਵਿੱਚ ਅਨਲੌਕ 4 ਦਾ ਐਲਾਨ ਕੀਤਾ ਗਿਆ ਹੈ। ਕੇਜਰੀਵਾਲ ਸਰਕਾਰ ਵੱਲੋਂ ਅਨਲੌਕ 4 ਦਾ ਐਲਾਨ ਕਰਦਿਆਂ ਸੋਮਵਾਰ ਤੋਂ ਦਿੱਲੀ ਵਿੱਚ ਬਾਰ ਖੋਲ੍ਹਣ ਦੀ ਆਗਿਆ ਵੀ ਦੇ ਦਿੱਤੀ ਗਈ ਹੈ ।
ਦਿੱਲੀ ਸਰਕਾਰ ਦੇ ਫੈਸਲੇ ਅਨੁਸਾਰ ਹੁਣ ਰਾਜਧਾਨੀ ਵਿੱਚ 50% ਸਮਰੱਥਾ ਨਾਲ ਬਾਰ ਖੋਲ੍ਹੇ ਜਾ ਸਕਣਗੇ । ਹਾਲਾਂਕਿ, ਬਾਰ ਖੋਲ੍ਹਣ ਦਾ ਸਮਾਂ ਵੀ ਨਿਰਧਾਰਤ ਕੀਤਾ ਗਿਆ ਹੈ। ਹੁਣ ਬਾਰ ਦੁਪਹਿਰ 12 ਤੋਂ ਰਾਤ 10 ਵਜੇ ਤੱਕ ਖੁੱਲ੍ਹ ਸਕਣਗੇ।
ਇਸ ਤੋਂ ਇਲਾਵਾ ਅਨਲੌਕ 4 ਦੇ ਤਹਿਤ ਦਿੱਲੀ ਵਿੱਚ ਹੋਰ ਵੀ ਰਾਹਤ ਦਿੱਤੀ ਗਈ ਹੈ। ਦਿੱਲੀ ਵਿੱਚ ਹੁਣ ਸੋਮਵਾਰ ਤੋਂ ਰੈਸਟੋਰੈਂਟ ਵੀ ਸਵੇਰ 8 ਵਜੇ ਤੋਂ ਰਾਤ 10 ਵਜੇ ਤੱਕ ਖੁੱਲ੍ਹ ਸਕਣਗੇ, ਜਦਕਿ ਹੁਣ ਤੱਕ ਇਨ੍ਹਾਂ ਨੂੰ ਸਵੇਰ 10 ਵਜੇ ਤੋਂ ਰਾਤ 8 ਵਜੇ ਤੱਕ ਖੋਲ੍ਹਣ ਦੀ ਆਗਿਆ ਸੀ। ਹਾਲਾਂਕਿ ਰੈਸਟੋਰੈਂਟ ਵਿੱਚ ਹੁਣ ਵੀ 50 ਫ਼ੀਸਦੀ ਲੋਕ ਹੀ ਬੈਠ ਸਕਣਗੇ।
ਇਸ ਤੋਂ ਇਲਾਵਾ ਜਨਤਕ ਪਾਰਕਾਂ ਅਤੇ ਗਾਰਡਨ ਨੂੰ ਖੋਲ੍ਹਣ ਦੀ ਆਗਿਆ ਵੀ ਦੇ ਦਿੱਤੀ ਗਈ ਹੈ । 21 ਜੂਨ ਤੋਂ ਰਾਜਧਾਨੀ ਵਿੱਚ ਜਨਤਕ ਪਾਰਕਾਂ, ਗਾਰਡਨ, ਗੋਲਫ ਕਲੱਬਾਂ ਅਤੇ ਆਊਟਡੋਰ ਯੋਗਾ ਗਤੀਵਿਧੀਆਂ ਦੀ ਆਗਿਆ ਮਿਲ ਗਈ ਹੈ। ਇਸ ਦੇ ਨਾਲ ਹੀ ਬਾਜ਼ਾਰ, ਮਾਰਕੀਟ ਕੰਪਲੈਕਸ ਅਤੇ ਮਾਲ ਵੀ ਸਵੇਰੇ 10 ਵਜੇ ਤੋਂ ਸ਼ਾਮ 8 ਵਜੇ ਤੱਕ ਖੁੱਲ੍ਹ ਸਕਣਗੇ। ਇਨ੍ਹਾਂ ਛੋਟਾਂ ਵਿਚਾਲੇ ਮੈਟਰੋ ਅਜੇ ਵੀ 50% ਸਮਰੱਥਾ ਨਾਲ ਚੱਲੇਗੀ । ਨਾਲ ਹੀ ਬੱਸ, ਆਟੋ, ਰਿਕਸ਼ਾ, ਟੈਕਸੀ, ਕੈਬ ਵਰਗੀਆਂ ਜਨਤਕ ਟ੍ਰਾਂਸਪੋਰਟ ਵਿੱਚ ਵੀ ਸਮਾਜਿਕ ਦੂਰੀਆਂ ਲਈ ਘੱਟ ਯਾਤਰੀ ਹੀ ਬਿਠਾਏ ਜਾਣਗੇ।
ਇਨ੍ਹਾਂ ‘ਤੇ ਹਾਲੇ ਵੀ ਰਹੇਗੀ ਪਾਬੰਦੀ:
– ਸਕੂਲ, ਕਾਲਜ, ਕੋਚਿੰਗ ਸੰਸਥਾਵਾਂ ਬੰਦ ਰਹਿਣਗੇ।
– ਸਾਰੇ ਤਰ੍ਹਾਂ ਦੇ ਰਾਜਨੀਤਿਕ, ਸਮਾਜਿਕ, ਸੱਭਿਆਚਾਰਕ, ਖੇਡਾਂ ਨਾਲ ਜੁੜੇ ਇਕੱਠਾਂ ‘ਤੇ ਪਾਬੰਦੀ ਰਹੇਗੀ ।
– ਸਟੇਡੀਅਮ, ਖੇਡ ਕੰਪਲੈਕਸ ਅਤੇ ਸਵੀਮਿੰਗ ਪੂਲ ਬੰਦ ਰਹਿਣਗੇ । ਹਾਲਾਂਕਿ, ਰਾਸ਼ਟਰੀ ਅਤੇ ਅੰਤਰਰਾਸ਼ਟਰੀ ਖੇਡਾਂ ਵਿੱਚ ਸ਼ਾਮਿਲ ਹੋਣ ਵਾਲੇ ਖਿਡਾਰੀ ਇੱਥੇ ਜਾ ਸਕਦੇ ਹਨ।
– ਸਿਨੇਮਾ ਹਾਲ, ਮਲਟੀਪਲੈਕਸ, ਮਨੋਰੰਜਨ ਪਾਰਕ, ਵਾਟਰ ਪਾਰਕਸ, ਬੈਨਕਵੇਟ ਹਾਲ, ਆਡੀਟੋਰੀਅਮ ਅਤੇ ਅਸੈਂਬਲੀ ਹਾਲ ਬੰਦ ਰਹਿਣਗੇ।
– ਸਪਾ, ਜਿਮ ਵੀ ਅਜੇ ਬੰਦ ਰਹਿਣਗੇ।
ਦੱਸ ਦੇਈਏ ਕਿ ਦਿੱਲੀ ਵਿੱਚ ਜਨਤਕ ਥਾਂ ‘ਤੇ ਵਿਆਹ ਕਰਨ ‘ਤੇ ਲੱਗੀ ਪਾਬੰਦੀ ਜਾਰੀ ਰਹੇਗੀ। ਹਾਲੇ ਵੀ ਬੈਨਕਵੇਟ ਹਾਲ ਜਾਂ ਮੈਰਿਜ ਗਾਰਡਨ ਵਿੱਚ ਵਿਆਹ ਕਰਨ ‘ਤੇ ਵੀ ਪਾਬੰਦੀ ਹੈ। ਸਿਰਫ ਕੋਰਟ ਮੈਰਿਜ ਜਾਂ ਘਰ ਵਿੱਚ ਹੀ ਵਿਆਹ ਹੋ ਸਕਦੇ ਹਨ। ਜਿਨ੍ਹਾਂ ਸਿਰਫ 20 ਲੋਕ ਹੀ ਹਿੱਸਾ ਲੈ ਸਕਣਗੇ। ਇਸ ਤੋਂ ਇਲਾਵਾ ਅੰਤਿਮ ਸੰਸਕਾਰ ਵਿੱਚ ਵੱਧ ਤੋਂ ਵੱਧ 20 ਲੋਕ ਸ਼ਾਮਿਲ ਹੋ ਸਕਦੇ ਹਨ।
ਇਹ ਵੀ ਦੇਖੋ: ਚਾਹੁੰਦੀ ਤਾਂ ਵਿਦੇਸ਼ ਜਾ ਸਕਦੀ ਸੀ, ਲੱਖਾਂ ਕਮਾ ਸਕਦੀ ਸੀ ਪਰ ਮਿਹਨਤ ਕਰਕੇ DSP ਬਣੀ Jalalabad ਦੀ ਧੀ