Delhi waterlogged after rains: ਨਵੀਂ ਦਿੱਲੀ: ਦਿੱਲੀ-NCR ਵਿੱਚ ਐਤਵਾਰ ਯਾਨੀ ਕਿ ਅੱਜ ਸਵੇਰ ਤੋਂ ਹੀ ਮੀਂਹ ਨਾਲ ਮੌਸਮ ਸੁਹਾਵਣਾ ਹੋ ਗਿਆ ਹੈ। ਮੀਂਹ ਨੇ ਪਿਛਲੇ ਕਈ ਦਿਨਾਂ ਤੋਂ ਲਗਾਤਾਰ ਪੈ ਰਹੀ ਗਰਮੀ ਤੋਂ ਰਾਹਤ ਦਿੱਤੀ ਹੈ। ਦੇਸ਼ ਦੀ ਰਾਜਧਾਨੀ ਦਿੱਲੀ ਵਿੱਚ ਸਵੇਰ ਤੋਂ ਹੀ ਬਾਰਿਸ਼ ਹੋ ਰਹੀ ਹੈ। ਤੇਜ਼ ਮੀਂਹ ਕਾਰਨ ਦਿੱਲੀ ਦੇ ਮਿੰਟੋ ਰੋਡ ਖੇਤਰ ਵਿੱਚ ਅੰਡਰਪਾਸ ਵਿੱਚ ਪਾਣੀ ਭਰ ਗਿਆ ਹੈ। ਇਸਦੌਰਾਨ ਅੰਡਰਪਾਸ ਤੋਂ ਲੰਘ ਰਹੀ ਇੱਕ ਡੀਟੀਸੀ ਬੱਸ ਪਾਣੀ ਵਿੱਚ ਡੁੱਬ ਗਈ ਅਤੇ ਦੋ ਆਟੋ ਵੀ ਪਾਣੀ ਵਿੱਚ ਫਸ ਗਏ। ਹਾਲਾਂਕਿ, ਚੰਗੀ ਗੱਲ ਇਹ ਹੈ ਕਿ ਬੱਸ ਵਿੱਚ ਕੋਈ ਯਾਤਰੀ ਨਹੀਂ ਸੀ। ਬੱਸ ਚਾਲਕ ਅਤੇ ਕੰਡਕਟਰ ਬੱਸ ਦੀ ਛੱਤ ‘ਤੇ ਚੜ੍ਹ ਗਏ । ਜਿਸ ਤੋਂ ਬਾਅਦ ਉਨ੍ਹਾਂ ਨੂੰ ਪੌੜੀ ਲਗਾ ਕੇ ਬਾਹਰ ਕੱਢਿਆ ਗਿਆ ।
ਇੱਕ ਪਾਸੇ ਜਿੱਥੇ ਦਿੱਲੀ ਵਿੱਚ ਬਾਰਿਸ਼ ਨੇ ਗਰਮੀ ਤੋਂ ਰਾਹਤ ਦਿੱਤੀ ਹੈ, ਉਥੇ ਹੀ ਕਈਂ ਥਾਵਾਂ ‘ਤੇ ਪਾਣੀ ਭਰਨ ਕਾਰਨ ਪ੍ਰੇਸ਼ਾਨੀ ਆਈ ਹੈ । ਦੱਸ ਦੇਈਏ ਕਿ ਮੌਸਮ ਵਿਭਾਗ ਨੇ ਪੂਰਵ-ਅਨੁਮਾਨ ਵਿੱਚ ਦੱਸਿਆ ਸੀ ਕਿ ਐਤਵਾਰ ਨੂੰ ਦਿੱਲੀ ਵਿੱਚ ਮੀਂਹ ਪੈਣ ਦੀ ਸੰਭਾਵਨਾ ਹੈ । ਮੌਸਮ ਵਿਭਾਗ ਅਨੁਸਾਰ ਮਾਨਸੂਨ ਉੱਤਰ ਵੱਲ ਵਧੇਗਾ ਅਤੇ ਅਗਲੇ 3-4 ਦਿਨਾਂ ਤੱਕ ਸਥਿਰ ਰਹੇਗਾ । 19 ਤੋਂ 21 ਜੁਲਾਈ ਤੱਕ ਦਿੱਲੀ ਅਤੇ ਆਸ ਪਾਸ ਦੇ ਰਾਜਾਂ ਵਿਚ ਭਾਰੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਭਾਰਤੀ ਮੌਸਮ ਵਿਭਾਗ ਅਨੁਸਾਰ ਅਗਲੇ ਦੋ ਦਿਨਾਂ ਵਿੱਚ ਦਿੱਲੀ ਵਿੱਚ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ। ਵਿਭਾਗ ਦੇ ਖੇਤਰੀ ਪੂਰਵ ਅਨੁਮਾਨ ਕੇਂਦਰ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਕਿ ਮਾਨਸੂਨ ਉੱਤਰ ਵੱਲ ਵਧਣਾ ਸ਼ੁਰੂ ਹੋ ਗਿਆ ਹੈ । ਅਗਲੇ ਦੋ ਦਿਨਾਂ ਵਿੱਚ ਦਿੱਲੀ ਵਿੱਚ ਹਲਕੇ ਤੋਂ ਦਰਮਿਆਨੀ ਬਾਰਿਸ਼ ਹੋਣ ਦੀ ਸੰਭਾਵਨਾ ਹੈ।