Delhi Weather News: ਨਵੀਂ ਦਿੱਲੀ: ਰਾਜਧਾਨੀ ਵਿੱਚ ਲਗਾਤਾਰ ਚੌਥੇ ਦਿਨ ਬਾਰਿਸ਼ ਦਾ ਦੌਰ ਜਾਰੀ ਰਿਹਾ । ਸਵੇਰ ਤੋਂ ਸ਼ੁਰੂ ਹੋਈ ਬਾਰਿਸ਼ ਦੁਪਹਿਰ ਤੱਕ ਵੱਖ-ਵੱਖ ਇਲਾਕਿਆਂ ਵਿੱਚ ਜਾਰੀ ਰਹੀ । ਇੱਥੇ ਵੀਰਵਾਰ ਯਾਨੀ ਕਿ ਅੱਜ ਤੋਂ ਠੰਡ ਅਤੇ ਧੁੰਦ ਦੀ ਸ਼ੁਰੂਆਤ ਇੱਕ ਵਾਰ ਫਿਰ ਹੋਣ ਜਾ ਰਹੀ ਹੈ । ਇਸ ਤੋਂ ਬਾਅਦ ਸ਼ੁੱਕਰਵਾਰ ਸ਼ਾਮ ਨੂੰ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਦਰਅਸਲ, ਦਿੱਲੀ ਵਿੱਚ ਬੁੱਧਵਾਰ ਸਵੇਰ ਤੋਂ ਹੀ ਬਾਰਿਸ਼ ਦਾ ਦੌਰ ਸ਼ੁਰੂ ਹੋ ਗਿਆ ਸੀ। ਖਰਾਬ ਮੌਸਮ ਕਾਰਨ ਸੂਰਜ ਦਿਨ ਭਰ ਬੱਦਲਾਂ ਪਿੱਛੇ ਛਿਪਿਆ ਰਿਹਾ । ਇਸ ਕਾਰਨ ਦਿਨ ਵੇਲੇ ਹਲਕੀ ਠੰਡ ਵੀ ਮਹਿਸੂਸ ਕੀਤੀ ਗਈ । ਦੁਪਹਿਰ 12 ਵਜੇ ਦੇ ਕਰੀਬ ਹਲਕੀ ਧੁੱਪ ਨਿਕਲੀ, ਪਰ ਠੰਡ ਤੋਂ ਕੋਈ ਰਾਹਤ ਨਹੀਂ ਮਿਲੀ । ਇਸ ਸਬੰਧੀ ਮੌਸਮ ਵਿਭਾਗ ਦੇ ਮੁਖੀ ਕੁਲਦੀਪ ਸ੍ਰੀਵਾਸਤਵ ਨੇ ਕਿਹਾ ਵੀਰਵਾਰ ਤੋਂ ਸੰਘਣੀ ਧੁੰਦ ਅਤੇ ਘੱਟੋ-ਘੱਟ ਤਾਪਮਾਨ ਵਿੱਚ ਕਮੀ ਹੋਣ ਕਾਰਨ ਠੰਡ ਵਿੱਚ ਹੋਰ ਵਾਧਾ ਹੋਵੇਗਾ । ਇਸ ਤੋਂ ਬਾਅਦ 8 ਜਨਵਰੀ ਦੀ ਰਾਤ ਅਤੇ 9 ਜਨਵਰੀ ਦੀ ਸਵੇਰ ਤੋਂ ਮੁੜ ਬਾਰਿਸ਼ ਹੋਣ ਦੀ ਸੰਭਾਵਨਾ ਹੈ।
ਖੇਤਰੀ ਮੌਸਮ ਵਿਭਾਗ ਅਨੁਸਾਰ ਬੁੱਧਵਾਰ ਨੂੰ ਰਾਜਧਾਨੀ ਦਾ ਘੱਟੋ-ਘੱਟ ਤਾਪਮਾਨ ਆਮ ਨਾਲੋਂ 6 ਡਿਗਰੀ ਵੱਧ ਅਤੇ ਵੱਧ ਤੋਂ ਵੱਧ 13 ਡਿਗਰੀ ਸੈਲਸੀਅਸ ਸੀ । ਪਿਛਲੇ 24 ਘੰਟਿਆਂ ਵਿੱਚ ਹਵਾ ਵਿੱਚ ਨਮੀ ਦਾ ਪੱਧਰ ਵੱਧ ਤੋਂ ਵੱਧ 100% ਅਤੇ ਘੱਟੋ-ਘੱਟ 82 ਪ੍ਰਤੀਸ਼ਤ ਰਿਹਾ । ਪਿਛਲੇ 24 ਘੰਟਿਆਂ ਵਿੱਚ ਦਿੱਲੀ ਵਿੱਚ 6 ਮਿਲੀਮੀਟਰ ਬਾਰਿਸ਼ ਦਰਜ ਕੀਤੀ ਗਈ ।
ਦੱਸ ਦੇਈਏ ਕਿ ਬਾਰਿਸ਼ ਦੇ ਨਾਲ ਹੀ ਰਾਜਧਾਨੀ ਦਿੱਲੀ ਦੇ ਕਈ ਇਲਾਕਿਆਂ ਵਿੱਚ ਗੜ੍ਹੇਮਾਰੀ ਵੀ ਹੋਈ। ਸਵੇਰੇ ਤਕਰੀਬਨ 7.30 ਵਜੇ ਦੇ ਕਰੀਬ ਦੱਖਣੀ ਦਿੱਲੀ ਦੇ ਐਂਡਰਿਊਗੰਜ ਤੇ ਹੋਰ ਇਲਾਕਿਆਂ ਵਿੱਚ ਵੀ ਗੜ੍ਹੇਮਾਰੀ ਹੋਈ। ਫਿਲਹਾਲ ਦਿੱਲੀ ਵਿੱਚ ਅਗਲੇ ਇੱਕ ਹਫ਼ਤੇ ਤੱਕ ਠੰਡ ਤੋਂ ਰਾਹਤ ਦੀ ਕੋਈ ਉਮੀਦ ਨਹੀਂ ਹੈ।
ਇਹ ਵੀ ਦੇਖੋ: ਦਿੱਲੀ ਨੂੰ ਲਲਕਾਰ ਰਹੇ ਨੇ 5911,ਮੈਸੀ ਤੇ ਫੋਰਡ, ਟਿਕਰੀ ਤੋਂ ਦੇਖੋ ਗਾਹ ਪਾਉਂਦਾ Live ਟ੍ਰੈਕਟਰ ਮਾਰਚ !