ਉੱਤਰ ਪ੍ਰਦੇਸ਼ ਵਿਧਾਨ ਸਭਾ ਚੋਣਾਂ ਦੇ ਵੱਧਦੇ ਸਿਆਸੀ ਤਾਪਮਾਨ ਵਿਚਕਾਰ ਕਾਂਗਰਸ ਦੇ ਰਾਜ ਸਭਾ ਮੈਂਬਰ ਦਿਗਵਿਜੇ ਸਿੰਘ ਨੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ ‘ਤੇ ਉਨ੍ਹਾਂ ਦੇ ਭਾਸ਼ਣਾਂ ਨੂੰ ਲੈ ਕੇ ਨਿਸ਼ਾਨਾ ਸਾਧਿਆ ਹੈ।
ਕਾਂਗਰਸ ਨੇਤਾ ਨੇ ਦੋਸ਼ ਲਗਾਇਆ ਕਿ ਮੁੱਖ ਮੰਤਰੀ ਯੋਗੀ ਦੇ ਚੋਣ ਭਾਸ਼ਣਾਂ ਵਿੱਚ “ਹਿੰਦੂ-ਮੁਸਲਿਮ” ਅਤੇ “ਹਿੰਦੁਸਤਾਨ-ਪਾਕਿਸਤਾਨ” ਵਰਗੇ ਵੰਡਣ ਵਾਲੇ ਮੁੱਦਿਆਂ ਤੋਂ ਇਲਾਵਾ ਕੁੱਝ ਨਹੀਂ ਹੈ। ਦਿਗਵਿਜੇ ਸਿੰਘ ਨੇ ਇੰਦੌਰ ‘ਚ ਕਿਹਾ, ”ਤੁਸੀਂ (ਮੀਡੀਆ) ਪਹਿਲਾਂ ਹੀ ਯੋਗੀ ਆਦਿੱਤਿਆਨਾਥ ਦਾ ਚੋਣ ਭਾਸ਼ਣ ਸੁਣ ਰਹੇ ਹੋ। ਕੀ ਤੁਸੀਂ ਉਨ੍ਹਾਂ ਦੇ ਭਾਸ਼ਣਾਂ ‘ਚ ਹਿੰਦੂ-ਮੁਸਲਿਮ, ਹਿੰਦੁਸਤਾਨ-ਪਾਕਿਸਤਾਨ ਅਤੇ ਸ਼ਮਸ਼ਾਨਘਾਟ ਤੋਂ ਇਲਾਵਾ ਕੋਈ ਹੋਰ ਸ਼ਬਦ ਸੁਣਿਆ ਹੈ?”
ਉਨ੍ਹਾਂ ਰਾਸ਼ਟਰੀ ਸਵੈਮਸੇਵਕ ਸੰਘ ‘ਤੇ ਵੀ ਹਮਲਾ ਬੋਲਦਿਆਂ ਕਿਹਾ ਕਿ ਜਿਸ ਤਰ੍ਹਾਂ ਸਿਉਂਕ ਘਰ ਜਾਂ ਹੋਰ ਵਸਤੂ ਦੀ ਸਤ੍ਹਾ ਦੇ ਹੇਠਾਂ ਗੁਪਤ ਰੂਪ ‘ਚ ਲੱਗ ਕੇ ਉਸ ਨੂੰ ਤਬਾਹ ਕਰ ਦਿੰਦੀ ਹੈ, ਉਸੇ ਤਰ੍ਹਾਂ ਸੰਘ ਵੀ ਗੁਪਤ ਤਰੀਕੇ ਨਾਲ ਕੰਮ ਕਰ ਕੇ ਪੂਰੇ ਸਿਸਟਮ ਨੂੰ ਵਿਗਾੜ ਰਿਹਾ ਹੈ। ਦਿਗਵਿਜੇ ਸਿੰਘ ਨੇ ਕਿਹਾ, “ਮੈਂ ਇਸ ‘ਤੇ ਸਭ ਤੋਂ ਵੱਧ ਗਾਲ੍ਹਾਂ ਖਾਵਾਂਗਾ ਕਿਉਂਕਿ ਇਹ ਕਿਹਾ ਜਾਵੇਗਾ ਕਿ ਮੈਂ ਸੰਘ ਦੀ ਤੁਲਣਾ ਸਿਉਂਕ ਨਾਲ ਕੀਤੀ ਹੈ। ਪਰ ਮੈਂ ਸੰਘ ਨੂੰ ਨਹੀਂ, ਸਗੋਂ ਉਸ ਵਿਚਾਰਧਾਰਾ ਦੇ ਚਰਿੱਤਰ ਨੂੰ ਸਿਉਂਕ ਕਿਹਾ ਹੈ, ਜੋ ਲੁਕ-ਛਿਪ ਕੇ ਦੇਸ਼ ਦੇ ਸਿਸਟਮ ਖਰਾਬ ਨੂੰ ਤਬਾਹ ਕਰ ਰਹੀ ਹੈ।”
ਇਸ ਤੋਂ ਪਹਿਲਾਂ ਸ਼ਹਿਰ ‘ਚ ਯੂਥ ਕਾਂਗਰਸ ਦੇ ਇੱਕ ਪ੍ਰੋਗਰਾਮ ‘ਚ ਸੰਸਦ ਮੈਂਬਰ ਨੇ ਸੰਘ ਦੇ ਨੇਤਾਵਾਂ ਨੂੰ ਬਹਿਸ ਕਰਨ ਦੀ ਚੁਣੌਤੀ ਦਿੰਦੇ ਹੋਏ ਕਿਹਾ, “ਤੁਹਾਡੀ ਸੰਸਥਾ ਕਿੱਥੇ ਹੈ? ਤੁਹਾਡੀ ਹੋਂਦ ਕਿੱਥੇ ਹੈ? ਤੁਹਾਡੀ ਰਜਿਸਟਰਡ ਬਾਡੀ ਕਿੱਥੇ ਹੈ? ਇਹ ਲੋਕ (ਸੰਘ ਵਰਕਰ) ਸਿਰਫ਼ ਗੁਪਤ ਰੂਪ ਵਿੱਚ ਹਨ। ਮੈਂ ਵੀ ਪੁੱਛਣਾ ਚਾਹੁੰਦਾ ਹਾਂ ਕਿ ਕੀ ਸੰਘ ਨੇ ਕਦੇ ਇੱਕ ਸੰਗਠਨ ਵਜੋਂ ਧਰਨਾ ਦਿੱਤਾ ਹੈ ਜਾਂ ਕਿਸਾਨਾਂ-ਮਜ਼ਦੂਰਾਂ ਦੇ ਸਮਰਥਨ ਵਿੱਚ ਅੰਦੋਲਨ ਕੀਤਾ ਹੈ?
ਉਨ੍ਹਾਂ ਇਹ ਵੀ ਦੋਸ਼ ਲਾਇਆ ਕਿ ਦੇਸ਼ ਵਿੱਚ ਲਗਾਤਾਰ ਇਹ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ‘ਹਿੰਦੂਵਾਦ ਖ਼ਤਰੇ ਵਿੱਚ ਹੈ’ ਤਾਂ ਜੋ ਫਾਸ਼ੀਵਾਦੀ ਵਿਚਾਰਧਾਰਾ ਨੂੰ ਅੱਗੇ ਵਧਾਇਆ ਜਾ ਸਕੇ ਅਤੇ ਇਸ ਦੇ ਆਧਾਰ ’ਤੇ ਸਿਆਸੀ ਅਹੁਦੇ ਹਾਸਿਲ ਕਰਕੇ ਪੈਸਾ ਕਮਾਇਆ ਜਾ ਸਕੇ। ਦਿਗਵਿਜੇ ਸਿੰਘ ਨੇ ਕਿਹਾ, “ਭਾਰਤ ਵਿੱਚ ਮੁਸਲਮਾਨਾਂ ਅਤੇ ਇਸਾਈਆਂ ਦੇ ਸੈਂਕੜੇ ਸਾਲਾਂ ਦੇ ਸ਼ਾਸਨ ਦੌਰਾਨ ਹਿੰਦੂ ਧਰਮ ਨੂੰ ਕਦੇ ਵੀ ਖ਼ਤਰਾ ਨਹੀਂ ਸੀ, ਪਰ ਮੈਨੂੰ ਇਹ ਸਮਝ ਨਹੀਂ ਆ ਰਿਹਾ ਕਿ ਅੱਜ ਜਦੋਂ ਦੇਸ਼ ਦੇ ਰਾਸ਼ਟਰਪਤੀ ਤੋਂ ਲੈ ਕੇ ਹੇਠਲੇ ਪੱਧਰ ਤੱਕ ਸਾਰੇ ਅਹਿਮ ਅਹੁਦਿਆਂ ‘ਤੇ ਹਿੰਦੂ ਹੀ ਕਾਬਜ਼ ਹਨ ਤਾਂ ਹਿੰਦੂ ਧਰਮ ਨੂੰ ਖ਼ਤਰਾ ਕਿਵੇਂ ਹੋ ਸਕਦਾ ਹੈ?
ਵੀਡੀਓ ਲਈ ਕਲਿੱਕ ਕਰੋ -: