ਸਮਾਜਵਾਦੀ ਪਾਰਟੀ ਦੀ ਸੰਸਦ ਮੈਂਬਰ ਜਯਾ ਬੱਚਨ ਨੇ ਸੋਮਵਾਰ ਨੂੰ ਰਾਜ ਸਭਾ ‘ਚ ਭਾਜਪਾ ‘ਤੇ ਤਿੱਖਾ ਹਮਲਾ ਬੋਲਿਆ। ਉਨ੍ਹਾਂ ਕੇਂਦਰ ਸਰਕਾਰ ‘ਤੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਬਹੁਤ ਜਲਦੀ ਤੁਹਾਡੇ ਲੋਕਾਂ ਦੇ ਬੁਰੇ ਦਿਨ ਆਉਣ ਵਾਲੇ ਹਨ। ਜਯਾ ਬੱਚਨ ਦਾ ਇਹ ਗੁੱਸਾ ਉਸ ਸਮੇਂ ਸਾਹਮਣੇ ਆਇਆ ਜਦੋਂ ਸਦਨ ‘ਚ ਨਾਰਕੋਟਿਕਸ ਡਰੱਗਸ ਐਂਡ ਸਾਈਕੋਟ੍ਰੋਪਿਕ ਸਬਸਟੈਂਸ ਬਿੱਲ 2021 ‘ਤੇ ਚਰਚਾ ਚੱਲ ਰਹੀ ਸੀ।
ਜਯਾ ਬੱਚਨ ਦੀ ਇਹ ਟਿੱਪਣੀ ਐਸ਼ਵਰਿਆ ਰਾਏ ਬੱਚਨ ਦੇ ਐਨਫੋਰਸਮੈਂਟ ਡਾਇਰੈਕਟੋਰੇਟ ਵਿੱਚ ਪੇਸ਼ ਹੋਣ ਤੋਂ ਕੁਝ ਦੇਰ ਬਾਅਦ ਆਈ ਹੈ। ਉਸ ਨੇ ਸਪੀਕਰ ਨੂੰ ਕਿਹਾ ਕਿ ਮੇਰੇ ‘ਤੇ ਨਿੱਜੀ ਤੌਰ ‘ਤੇ ਟਿੱਪਣੀਆਂ ਕੀਤੀਆਂ ਗਈਆਂ ਹਨ ਪਰ ਮੈਂ ਕਿਸੇ ‘ਤੇ ਕੋਈ ਨਿੱਜੀ ਟਿੱਪਣੀ ਨਹੀਂ ਕਰਨਾ ਚਾਹੁੰਦੀ। ਉਨ੍ਹਾਂ ਵਿਰੋਧੀ ਧਿਰ ਦੇ ਆਗੂਆਂ ਨੂੰ ਕਿਹਾ ਕਿ ਤੁਸੀਂ ਕਿਸ ਦੇ ਸਾਹਮਣੇ ਬੀਨ ਵਜਾ ਰਹੇ ਹੋ? ਸੰਸਦ ਮੈਂਬਰ ਜਯਾ ਬੱਚਨ ਦੇ ਹਮਲੇ ਤੋਂ ਬਾਅਦ ਸਦਨ ਵਿੱਚ ਹੰਗਾਮਾ ਤੇਜ਼ ਹੋ ਗਿਆ ਅਤੇ ਪ੍ਰਧਾਨਗੀ ਸਪੀਕਰ ਨੇ ਸਦਨ ਦੀ ਕਾਰਵਾਈ ਪੰਜ ਵਜੇ ਤੱਕ ਮੁਲਤਵੀ ਕਰ ਦਿੱਤੀ।
ਭਾਜਪਾ ਸਾਂਸਦ ਰਾਕੇਸ਼ ਸਿਨਹਾ ਨੇ ਜਯਾ ਬੱਚਨ ‘ਤੇ ਸੰਸਦ ਦੀ ਮਰਿਆਦਾ ਨੂੰ ਘੱਟ ਕਰਨ ਦਾ ਦੋਸ਼ ਲਗਾਇਆ ਹੈ। ਉਨ੍ਹਾਂ ਨੇ ਸਪੀਕਰ ਨੂੰ ਨਿੱਜੀ ਤੌਰ ‘ਤੇ ਸੰਬੋਧਨ ਕਰਨ ਦਾ ਵੀ ਦੋਸ਼ ਲਾਇਆ। ਰਾਕੇਸ਼ ਸਿਨਹਾ ਨੇ ਕਿਹਾ ਕਿ ਕਿਸੇ ਵੀ ਸੰਸਦ ਮੈਂਬਰ ਨੂੰ ਸਦਨ ‘ਚ ਅਜਿਹਾ ਵਿਵਹਾਰ ਨਹੀਂ ਕਰਨਾ ਚਾਹੀਦਾ। ਅਜਿਹਾ ਵਤੀਰਾ ਕਰਨ ਮਤਲਬ ਕੁਰਸੀ ਦਾ ਅਪਮਾਨ ਹੈ। ਦੱਸ ਦੇਈਏ ਕਿ ਐਸ਼ਵਰਿਆ ਰਾਏ ਬੱਚਨ 2016 ਦੇ ਪਨਾਮਾ ਪੇਪਰਜ਼ ਲੀਕ ਮਾਮਲੇ ਵਿੱਚ ਸੋਮਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਸਾਹਮਣੇ ਪੇਸ਼ ਹੋਈ ਸੀ। ਅਧਿਕਾਰਤ ਸੂਤਰਾਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਭਿਨੇਤਾ ਅਮਿਤਾਭ ਬੱਚਨ ਦੀ ਨੂੰਹ ਐਸ਼ਵਰਿਆ ਰਾਏ ਤੋਂ ਈਡੀ ਫਾਰੇਨ ਐਕਸਚੇਂਜ ਮੈਨੇਜਮੈਂਟ ਐਕਟ (ਫੇਮਾ) ਦੀਆਂ ਵਿਵਸਥਾਵਾਂ ਦੇ ਤਹਿਤ ਪੁੱਛਗਿੱਛ ਕਰ ਰਹੀ ਹੈ। ਦੱਸ ਦੇਈਏ ਕਿ ਇਸ ਤੋਂ ਪਹਿਲਾਂ ਐਸ਼ਵਰਿਆ ਰਾਏ ਬੱਚਨ ਨੂੰ ਦੋ ਵਾਰ ਸੰਮਨ ਭੇਜਿਆ ਗਿਆ ਸੀ ਪਰ ਉਨ੍ਹਾਂ ਨੇ ਈਡੀ ਨੂੰ ਦੋਵੇਂ ਵਾਰ ਮੁਲਤਵੀ ਕਰਨ ਦੀ ਬੇਨਤੀ ਕੀਤੀ ਸੀ।