ਉੱਤਰ ਪ੍ਰਦੇਸ਼ ਦੀ ਸਪੈਸ਼ਲ ਟਾਸਕ ਫੋਰਸ (STF) ਦੀ ਨੋਇਡਾ ਯੂਨਿਟ ਨੇ ਇੱਕ ਗੈਰ-ਕਾਨੂੰਨੀ ਐਂਬੇਸੀ ਦਾ ਪਰਦਾਫਾਸ਼ ਕੀਤਾ ਹੈ। 22 ਜੁਲਾਈ ਦੀ ਰਾਤ ਨੂੰ STF ਨੇ ਗਾਜ਼ੀਆਬਾਦ ਦੇ ਕਵੀ ਨਗਰ ਥਾਣਾ ਇਲਾਕੇ ਵਿੱਚ ਇੱਕ ਕਿਰਾਏ ਦੇ ਘਰ ‘ਤੇ ਛਾਪਾ ਮਾਰਿਆ। ਪਤਾ ਲੱਗਾ ਕਿ ਇੱਥੋਂ ਕਈ ‘ਦੇਸ਼ਾਂ’ ਦੇ ਗੈਰ-ਕਾਨੂੰਨੀ ਦੂਤਘਰ ਚਲਾਏ ਜਾ ਰਹੇ ਸਨ। ਇਸ ਮਾਮਲੇ ਵਿੱਚ ਹਰਸ਼ਵਰਧਨ ਜੈਨ ਨਾਂ ਦੇ ਵਿਅਕਤੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਹੈ।
ਮੌਕੇ ਤੋਂ ਕਈ ਡਿਪਲੋਮੈਟਿਕ ਨੰਬਰ ਪਲੇਟਾਂ ਅਤੇ ਅਜਿਹੀਆਂ ਨੰਬਰ ਪਲੇਟਾਂ ਵਾਲੀਆਂ ਕਈ ਗੱਡੀਆਂ ਬਰਾਮਦ ਕੀਤੀਆਂ ਗਈਆਂ ਹਨ। ਇਸ ਤੋਂ ਇਲਾਵਾ ਕਈ ਦੇਸ਼ਾਂ ਦੇ ਪਾਸਪੋਰਟ, ਵਿਦੇਸ਼ ਮੰਤਰਾਲੇ ਦੇ ਦਸਤਾਵੇਜ਼, ਪੈਨ ਕਾਰਡ, ਸੀਲ ਅਤੇ ਕਈ ਦੇਸ਼ਾਂ ਦੀਆਂ ਕੰਪਨੀਆਂ ਦੇ ਦਸਤਾਵੇਜ਼ ਅਤੇ ਪ੍ਰੈਸ ਕਾਰਡ ਵੀ ਮਿਲੇ ਹਨ। ਪੁਲਿਸ ਨੇ ਮੌਕੇ ਤੋਂ 44,70,000 ਰੁਪਏ ਦੇ ਨਾਲ ਕਈ ਦੇਸ਼ਾਂ ਦੀਆਂ ਵਿਦੇਸ਼ੀ ਮੁਦਰਾਵਾਂ ਵੀ ਬਰਾਮਦ ਕੀਤੀਆਂ ਹਨ।
![]()
ਪੁਲਿਸ ਦਾ ਕਹਿਣਾ ਹੈ ਕਿ ਦੋਸ਼ੀ ਹਰਸ਼ਵਰਧਨ ਆਪਣੇ ਆਪ ਨੂੰ ਵੈਸਟ ਆਰਕਟਿਕਾ, ਸੇਬੋਰਗਾ, ਪੌਲਵੀਆ ਅਤੇ ਲੋਡੋਨੀਆ ਵਰਗੀਆਂ ਥਾਵਾਂ ਦਾ ਅਧਿਕਾਰੀ ਦੱਸਦਾ ਸੀ। ਦੱਸਿਆ ਜਾ ਰਿਹਾ ਹੈ ਕਿ ਕਈ ਦੇਸ਼ ਹਨ ਜੋ ਉਸ ਨੇ ਖੁਦ ਬਣਾਏ ਸਨ ਅਤੇ ਆਪਣੇ ਆਪ ਨੂੰ ਉਨ੍ਹਾਂ ਦੇਸ਼ਾਂ ਦਾ ਡਿਪਲੋਮੈਟ ਕਹਿੰਦਾ ਸੀ।
ਦੋਸ਼ੀ ਡਿਪਲੋਮੈਟਿਕ ਨੰਬਰ ਪਲੇਟਾਂ ਵਾਲੀਆਂ ਗੱਡੀਆਂ ਵਿੱਚ ਯਾਤਰਾ ਕਰਦਾ ਸੀ। ਲੋਕਾਂ ਨੂੰ ਪ੍ਰਭਾਵਿਤ ਕਰਨ ਲਈ, ਉਹ ਪ੍ਰਧਾਨ ਮੰਤਰੀ, ਰਾਸ਼ਟਰਪਤੀ ਅਤੇ ਹੋਰ ਪ੍ਰਭਾਵਸ਼ਾਲੀ ਲੋਕਾਂ ਨਾਲ ਆਪਣੀਆਂ ਐਡਿਟ ਕੀਤੀਆਂ ਤਸਵੀਰਾਂ ਦਿਖਾਉਂਦਾ ਸੀ। ਇਨ੍ਹਾਂ ਰਾਹੀਂ ਉਸ ਨੇ ਆਪਣੇ ਸੋਸ਼ਲ ਮੀਡੀਆ ਪ੍ਰੋਫਾਈਲ ‘ਤੇ ਵੀ ਦਬਦਬਾ ਬਣਾਇਆ ਸੀ।
ਦੋਸ਼ੀ ਦਾ ਮੁੱਖ ਕੰਮ ਲੋਕਾਂ ਨੂੰ ਨਿੱਜੀ ਕੰਪਨੀਆਂ ਵਿੱਚ ਨੌਕਰੀ ਦਿਵਾਉਣ ਦੇ ਨਾਂ ‘ਤੇ ਵਿਦੇਸ਼ ਭੇਜਣਾ ਸੀ। ਬਦਲੇ ਵਿੱਚ ਉਹ ਪੈਸੇ ਲੈਂਦਾ ਸੀ। ਇਸ ਤੋਂ ਇਲਾਵਾ ਉਸ ‘ਤੇ ਸ਼ੈੱਲ ਕੰਪਨੀਆਂ ਰਾਹੀਂ ਹਵਾਲਾ ਰੈਕੇਟ ਚਲਾਉਣ ਦਾ ਵੀ ਦੋਸ਼ ਹੈ। ਮਾਮਲੇ ਸੰਬੰਧੀ ਕਵੀ ਨਗਰ ਥਾਣੇ ਵਿੱਚ ਐਫਆਈਆਰ ਦਰਜ ਕੀਤੀ ਗਈ ਹੈ। ਪੁਲਿਸ ਨੇ ਕਿਹਾ ਹੈ ਕਿ ਅੱਗੇ ਦੀ ਕਾਰਵਾਈ ਕੀਤੀ ਜਾ ਰਹੀ ਹੈ।
ਪੁਲਿਸ ਮੁਤਾਬਕ ਇਹ ਵੀ ਪਤਾ ਲੱਗਿਆ ਹੈ ਕਿ ਦੋਸ਼ੀ ਹਰਸ਼ਵਰਧਨ ਪਹਿਲਾਂ ਚੰਦਰਸਵਾਮੀ ਅਤੇ ਅਦਨਾਨ ਖਗੋਸ਼ੀ ਵਰਗੇ ਅੰਤਰਰਾਸ਼ਟਰੀ ਹਥਿਆਰ ਡੀਲਰਾਂ ਦੇ ਸੰਪਰਕ ਵਿੱਚ ਰਿਹਾ ਹੈ। 2011 ਵਿੱਚ ਹਰਸ਼ਵਰਧਨ ਤੋਂ ਇੱਕ ਗੈਰ-ਕਾਨੂੰਨੀ ਸੈਟੇਲਾਈਟ ਫੋਨ ਬਰਾਮਦ ਕੀਤਾ ਗਿਆ ਸੀ। ਇਹ ਮਾਮਲਾ ਕਵੀ ਨਗਰ ਥਾਣੇ ਵਿੱਚ ਵੀ ਦਰਜ ਹੈ।
ਇਹ ਵੀ ਪੜ੍ਹੋ : ਟ੍ਰੈਵਲ ਏਜੰਟ ਦੀ ਠੱਗੀ ਨਾਲ ਟੁੱਟਿਆ ਵਿਦੇਸ਼ ਜਾਣ ਦਾ ਸੁਪਨਾ, ਨੌਜਵਾਨ ਨੇ ਚੁੱਕ ਲਿਆ ਵੱਡਾ ਕਦਮ
ਜਾਣਕਾਰੀ ਮੁਤਾਬਕ ਗੈਰ-ਕਾਨੂੰਨੀ ਦੂਤਾਵਾਸ ‘ਤੇ ਛਾਪਾ ਮਾਰਨ ਤੋਂ ਪਹਿਲਾਂ, ਐਸਟੀਐਫ ਨੇ ਕੇਂਦਰੀ ਏਜੰਸੀਆਂ ਤੋਂ ਇਸ ਮਾਮਲੇ ਬਾਰੇ ਜਾਣਕਾਰੀ ਮੰਗੀ ਸੀ। ਇਹ ਪਾਇਆ ਗਿਆ ਕਿ ਦੇਸ਼ ਵਿੱਚ ਇਸ ਤਰੀਕੇ ਨਾਲ ਕੋਈ ਵੀ ਐਂਬੇਸੀ ਨਹੀਂ ਚਲਾਈ ਜਾ ਸਕਦੀ, ਇਹ ਭਾਰਤ ਦੀ ਪ੍ਰਭੂਸੱਤਾ ਦੇ ਵਿਰੁੱਧ ਹੈ।
ਵੀਡੀਓ ਲਈ ਕਲਿੱਕ ਕਰੋ -:
























