Etawah Road Accident: ਉੱਤਰ ਪ੍ਰਦੇਸ਼ ਦੇ ਇਟਾਵਾ ਜ਼ਿਲ੍ਹੇ ਵਿੱਚ ਸ਼ਨੀਵਾਰ ਨੂੰ ਇਕ ਵੱਡਾ ਹਾਦਸਾ ਵਾਪਰਿਆ । ਆਗਰਾ ਤੋਂ ਇਟਾਵਾ ਜਾ ਰਹੀ ਇੱਕ ਡੀਸੀਐਮ ਗੱਡੀ ਅਚਾਨਕ ਖੱਡ ਵਿੱਚ ਡਿੱਗਣ ਕਾਰਨ ਹੁਣ ਤੱਕ 12 ਲੋਕਾਂ ਦੀ ਮੌਤ ਹੋ ਗਈ ਹੈ ਅਤੇ 45 ਲੋਕ ਜ਼ਖਮੀ ਹੋ ਗਏ ਹਨ । ਜ਼ਖਮੀਆਂ ਨੂੰ ਇਲਾਜ ਲਈ ਜ਼ਿਲ੍ਹਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ । ਇਹ ਸਾਰੇ ਲੋਕ ਆਗਰਾ ਦੇ ਪੀਨਾਹਤ ਤੋਂ ਲੈ ਕੇ ਇਟਾਵਾ ਦੇ ਇੱਕ ਮੰਦਿਰ ਵਿੱਚ ਝੰਡਾ ਚੜ੍ਹਾਉਣ ਜਾ ਰਹੇ ਸਨ । ਦੱਸ ਦਈਏ ਕਿ ਆਗਰਾ ਤੋਂ ਲਗਭਗ 40 ਕਿਲੋਮੀਟਰ ਦੀ ਦੂਰੀ ‘ਤੇ ਕਸੌਆ ਪਿੰਡ ਨੇੜੇ ਉਨ੍ਹਾਂ ਦੀ ਗੱਡੀ ਆਪਣਾ ਸੰਤੁਲਨ ਗੁਆ ਬੈਠੀ ਅਤੇ 30 ਤੋਂ 35 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਈ । ਆਗਰਾ ਦੇ ਐਸਐਸਪੀ ਬ੍ਰਿਜੇਸ਼ ਕੁਮਾਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ ਬਹੁਤ ਸਾਰੇ ਲੋਕ ਗੱਡੀ ਹੇਠ ਦੱਬੇ ਹੋਏ ਸਨ, ਜਿਨ੍ਹਾਂ ਨੂੰ ਬਾਹਰ ਕੱਢ ਲਿਆ ਗਿਆ ਹੈ।
ਜ਼ਿਲ੍ਹੇ ਦੇ ਮੁੱਖ ਮੈਡੀਕਲ ਅਫਸਰ ਐੱਨ.ਐੱਸ. ਤੋਮਰ ਨੇ ਦੱਸਿਆ ਕਿ ਇਸ ਹਾਦਸੇ ਵਿੱਚ 10 ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦੋਂ ਕਿ ਇੱਕ ਮਹਿਲਾ ਸਣੇ ਦੋ ਜ਼ਖਮੀਆਂ ਦੀ ਇਲਾਜ ਦੌਰਾਨ ਹਸਪਤਾਲ ਵਿੱਚ ਮੌਤ ਹੋ ਗਈ । ਇਟਾਵਾ ਦੇ ਸੀਨੀਅਰ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਜ਼ਿਲ੍ਹੇ ਦੇ ਬਢਪੂਰਾ ਥਾਣਾ ਖੇਤਰ ਦੇ ਨੇੜਲੇ ਰਸਤੇ ‘ਤੇ ਘਟਨਾ ਵਾਪਰੀ।
ਐਸ. ਐਸ.ਪੀ. ਅਨੁਸਾਰ ਪਿਨਾਹਟ ਵਾਹ ਆਗਰਾ ਤੋਂ ਔਰਤਾਂ ਅਤੇ ਬੱਚਿਆਂ ਸਮੇਤ ਤਕਰੀਬਨ 60 ਲੋਕ ਇਟਾਵਾ ਜ਼ਿਲ੍ਹੇ ਦੇ ਕਸਬਾ ਲਖਨਾ ਸਥਿਤ ਕਾਲਿਕਾ ਦੇਵੀ ਮੰਦਿਰ ’ਤੇ ਝੰਡਾ ਚੜ੍ਹਾਉਣ ਜਾ ਰਹੇ ਸਨ, ਤਾਂ ਕਸਉਵਾ ਮੋੜ ’ਤੇ ਟਰੱਕ ਬੇਕਾਬੂ ਹੋ ਕੇ ਪਲਟ ਗਿਆ ਤੇ ਸੜਕ ਕਿਨਾਰੇ 30 ਫੁੱਟ ਡੂੰਘੇ ਖੱਡੇ ਵਿੱਚ ਡਿੱਗ ਗਿਆ।
ਦੱਸ ਦੇਈਏ ਕਿ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਨੇ ਅਧਿਕਾਰੀਆਂ ਨੂੰ ਤੁਰੰਤ ਮੌਕੇ ’ਤੇ ਪਹੁੰਚ ਕੇ ਰਾਹਤ ਅਤੇ ਬਚਾਅ ਕਾਰਜ ਪੂਰੀ ਤੇਜ਼ੀ ਨਾਲ ਕਰਨ ਅਤੇ ਹਾਦਸੇ ਵਿੱਚ ਜ਼ਖ਼ਮੀ ਲੋਕਾਂ ਦੇ ਇਲਾਜ ਦੀ ਪੂਰੀ ਵਿਵਸਥਾ ਕਰਨ ਦੇ ਨਿਰਦੇਸ਼ ਦਿੱਤੇ । ਮੁੱਖ ਮੰਤਰੀ ਨੇ ਇਸ ਹਾਦਸੇ ਵਿੱਚ ਮਾਰੇ ਗਏ ਲੋਕਾਂ ‘ਤੇ ਸੋਗ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਦੋ-ਦੋ ਲੱਖ ਰੁਪਏ ਦੀ ਆਰਥਿਕ ਮਦਦ ਪ੍ਰਦਾਨ ਕਰਨ ਦੇ ਨਿਰਦੇਸ਼ ਦਿਤੇ ਹਨ।
ਇਹ ਵੀ ਦੇਖੋ: ਠੇਕੇ ਬੰਦ ਸਕੂਲ ਖੁੱਲ੍ਹੇ, ਜਵਾਕਾਂ ਨੇ ਠੇਕੇ ਮੂਹਰੇ ਹੀ ਲਾ ਲਈ ਕਲਾਸ, ਕਹਿੰਦੇ ਇੱਥੇ ਨਹੀਂ ਆਉਂਦਾ ਕੋਰੋਨਾ