ਭਾਰਤ ਇਨ੍ਹੀਂ ਦਿਨੀਂ ਕੋਰੋਨਾ ਸੰਕਟ ਅਤੇ ਵੈਕਸੀਨ ਦੀ ਘਾਟ ਦੋਵਾਂ ਦਾ ਸਾਹਮਣਾ ਕਰ ਰਿਹਾ ਹੈ । ਇਸ ਵਿਚਾਲੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਪੰਜ ਦਿਨਾਂ ਦੌਰੇ ‘ਤੇ ਅਮਰੀਕਾ ਪਹੁੰਚੇ ਹਨ ।
ਇਸ ਦੌਰਾਨ ਉਹ ਨਿਊਯਾਰਕ ਵਿੱਚ ਬਾਇਡਨ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਭਾਰਤ ਅਤੇ ਅਮਰੀਕਾ ਵਿਚਾਲੇ ਕੋਰੋਨਾ ਨਾਲ ਜੁੜੇ ਸਹਿਯੋਗ ਬਾਰੇ ਵਿਚਾਰ-ਵਟਾਂਦਰੇ ਕਰਨਗੇ।
ਸੰਯੁਕਤ ਰਾਸ਼ਟਰ ਵਿੱਚ ਭਾਰਤ ਦੇ ਰਾਜਦੂਤ ਟੀਐਸ ਤ੍ਰਿਮੂਰਤੀ ਨੇ ਸੰਯੁਕਤ ਰਾਸ਼ਟਰ ਸੁੱਰਖਿਆ ਪਰਿਸ਼ਦ ਵਿੱਚ ਭਾਰਤ ਦੀ ਸ਼ਮੂਲੀਅਤ ਤੋਂ ਬਾਅਦ ਨਿਊਯਾਰਕ ਦੀ ਆਪਣੀ ਪਹਿਲੀ ਯਾਤਰਾ ‘ਤੇ ਵਿਦੇਸ਼ ਮੰਤਰੀ ਜੈਸ਼ੰਕਰ ਦਾ ਸਵਾਗਤ ਕੀਤਾ । ਉਨ੍ਹਾਂ ਨੇ ਟਵੀਟ ਕਰਦਿਆਂ ਕਿਹਾ, “ਭਾਰਤ ਦੇ 1 ਜਨਵਰੀ 2021 ਨੂੰ ਸੰਯੁਕਤ ਰਾਸ਼ਟਰ ਸੁਰੱਖਿਆ ਪਰਿਸ਼ਦ ਵਿੱਚ ਦਾਖਲ ਹੋਣ ਤੋਂ ਬਾਅਦ ਨਿਊਯਾਰਕ ਦੀ ਉਨ੍ਹਾਂ ਦੀ ਪਹਿਲੀ ਯਾਤਰਾ ‘ਤੇ ਵਿਦੇਸ਼ ਮੰਤਰੀ ਐਸ ਜੈਸ਼ੰਕਰ ਦਾ ਸਵਾਗਤ ਕਰਦਿਆਂ ਮੈਨੂੰ ਖੁਸ਼ੀ ਹੋ ਰਹੀ ਹੈ।”
ਵਿਦੇਸ਼ ਮੰਤਰਾਲੇ ਨੇ ਪਿਛਲੇ ਹਫਤੇ ਕਿਹਾ ਸੀ ਕਿ ਜੈਸ਼ੰਕਰ ਦਾ ਅਮਰੀਕਾ ਦੌਰਾ 28 ਮਈ ਤੱਕ ਚੱਲੇਗਾ । ਵਿਦੇਸ਼ ਮੰਤਰੀ ਦੇ ਨਿਊਯਾਰਕ ਵਿੱਚ ਸੰਯੁਕਤ ਰਾਸ਼ਟਰ ਦੇ ਸੱਕਤਰ-ਜਨਰਲ ਐਂਟੋਨੀਓ ਗੁਟੇਰੇਸ ਨਾਲ ਮਿਲਣ ਦੀ ਉਮੀਦ ਹੈ ਤੇ ਬਾਅਦ ਵਿੱਚ ਵਾਸ਼ਿੰਗਟਨ ਡੀਸੀ ਵਿੱਚ ਆਪਣੇ ਹਮਰੁਤਬਾ ਵਿਦੇਸ਼ ਮੰਤਰੀ ਐਂਟਨੀ ਬਲਿੰਕੇਨ ਨਾਲ ਵਿਚਾਰ-ਵਟਾਂਦਰੇ ਕਰਨਗੇ। ਵਿਦੇਸ਼ ਮੰਤਰਾਲੇ ਨੇ ਇਹ ਜਾਣਕਾਰੀ ਦਿੱਤੀ ਹੈ । ਉਹ ਦੁਵੱਲੇ ਸਬੰਧਾਂ ਨਾਲ ਜੁੜੇ ਕੈਬਨਿਟ ਮੈਂਬਰਾਂ ਅਤੇ ਪ੍ਰਸ਼ਾਸਨ ਦੇ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ।
ਭਾਰਤ ਕੋਵਿਡ ਟੀਕਿਆਂ ਦੇ ਉਤਪਾਦਨ ਵਿੱਚ ਸ਼ਾਮਿਲ ਕਈ ਅਮਰੀਕੀ ਅਦਾਰਿਆਂ ਨਾਲ ਗੱਲਬਾਤ ਵਿੱਚ ਜੁਟਿਆ ਹੋਇਆ ਹੈ ਅਤੇ ਇਨ੍ਹਾਂ ਟੀਕਿਆਂ ਦੀ ਖਰੀਦ ਅਤੇ ਬਾਅਦ ਵਿੱਚ ਉਤਪਾਦਨ ਲਈ ਤਿਆਰ ਹੈ।
ਅਮਰੀਕੀ ਅਗਵਾਈ ਤੇ ਹੋਰ ਹਿੱਸੇਦਾਰਾਂ ਨਾਲ ਗੱਲਬਾਤ ਦੌਰਾਨ ਟੀਕਾ ਖਰੀਦਣ ਦਾ ਮੁੱਦਾ ਇੱਕ ਪ੍ਰਮੁੱਖ ਏਜੰਡਾ ਵਸਤੂ ਹੋਣ ਦੀ ਉਮੀਦ ਕੀਤੀ ਜਾਂਦੀ ਹੈ। ਦੱਸ ਦੇਈਏ ਕਿ ਅਮਰੀਕਾ ਪਹਿਲਾਂ ਹੀ ਐਲਾਨ ਕਰ ਚੁੱਕਿਆ ਹੈ ਕਿ ਉਹ ਆਪਣੇ ਸਟਾਕ ਤੋਂ 8 ਕਰੋੜ ਟੀਕੇ ਜ਼ਰੂਰਤਮੰਦ ਦੇਸ਼ਾਂ ਨੂੰ ਵੰਡਣ ਜਾ ਰਿਹਾ ਹੈ।
ਦੱਸ ਦੇਈਏ ਕਿ ਕੋਰੋਨਾ ਦੀ ਦੂਜੀ ਲਹਿਰ ਨਾਲ ਭਾਰਤ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ । ਵਿਦੇਸ਼ ਮੰਤਰੀ ਆਪਣੀ ਯਾਤਰਾ ਦੌਰਾਨ ਭਾਰਤ ਵਿੱਚ ਟੀਕਾ ਬਣਾਉਣ ਵਾਲੀਆਂ ਕੰਪਨੀਆਂ ਨਾਲ ਸਮਝੌਤੇ ਕਰਨ ਦੀ ਪੂਰੀ ਕੋਸ਼ਿਸ਼ ਕਰਨਗੇ ।
ਇਹ ਵੀ ਦੇਖੋ: Lockdown/Curfew ਤੋਂ ਪਰੇਸ਼ਾਨ ਕਰਜ਼ ਹੇਠ ਦਬੇ Gym ਮਾਲਕ ਨੇ ਸਲਫਾਸ ਦੀਆਂ ਗੋਲੀਆਂ ਖਾ ਕੇ ਦਿੱਤੀ ਜਾਨ