Famous Hindi Poet: ਹਿੰਦੀ ਦੇ ਮਸ਼ਹੂਰ ਸਾਹਿਤਕਾਰ ਮੰਗਲੇਸ਼ ਡਬਰਾਲ ਦਾ ਬੁੱਧਵਾਰ ਸ਼ਾਮ ਨੂੰ ਕਾਰਡਿਅਕ ਅਰੇਸਟ ਕਾਰਨ ਦਿਹਾਂਤ ਹੋ ਗਿਆ । ਪਿਛਲੇ ਕਈ ਦਿਨਾਂ ਤੋਂ ਉਹ ਏਮਜ਼ ਵਿਖੇ ਇਲਾਜ ਅਧੀਨ ਸੀ । ਉਹ 72 ਸਾਲਾਂ ਦੇ ਸੀ। ਉਨ੍ਹਾਂ ਦਾ ਜਨਮ 16 ਮਈ 1948 ਨੂੰ ਉਤਰਾਖੰਡ ਦੇ ਟਹਿਰੀ ਗੜਵਾਲ ਦੇ ਪਿੰਡ ਕਾਫਲਪਾਨੀ ਪਿੰਡ ਵਿੱਚ ਹੋਇਆ ਸੀ । ਏਮਜ਼ ਵਿੱਚ ਮੈਡੀਸਨ ਦੇ ਡਾਕਟਰ ਉਨ੍ਹਾਂ ਦਾ ਇਲਾਜ ਕਰ ਰਹੇ ਸਨ। ਦੱਸਿਆ ਜਾ ਰਿਹਾ ਹੈ ਕਿ ਉਨ੍ਹਾਂ ਨੂੰ ਨਿਮੋਨੀਆ ਅਤੇ ਸਾਹ ਲੈਣ ਦੀ ਤਕਲੀਫ਼ ਸੀ। ਉਨ੍ਹਾਂ ਨੂੰ ਤਕਰੀਬਨ 12 ਦਿਨ ਪਹਿਲਾਂ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ । ਜਨਸੰਸਕ੍ਰਿਤੀ ਮੰਚ ਨਾਲ ਜੁੜੇ ਅਤੇ ਉਨ੍ਹਾਂ ਦੇ ਨਜ਼ਦੀਕੀ ਸੰਜੇ ਜੋਸ਼ੀ ਨੇ ਦੱਸਿਆ ਕਿ ਉਹ ਪਿਛਲੇ ਕੁਝ ਦਿਨਾਂ ਤੋਂ ਗਾਜ਼ੀਆਬਾਦ ਦੇ ਵਸੁੰਧਰਾ ਸਥਿਤ ਇੱਕ ਨਿੱਜੀ ਹਸਪਤਾਲ ਵਿੱਚ ਦਾਖਲ ਸੀ ਅਤੇ ਹਾਲਤ ਵਿਗੜਨ ਤੋਂ ਬਾਅਦ ਉਨ੍ਹਾਂ ਨੂੰ ਇਲਾਜ ਲਈ ਏਮਜ਼ ਵਿੱਚ ਦਾਖਲ ਕਰਵਾਇਆ ਗਿਆ ਸੀ ।
ਦਰਅਸਲ, ਉਤਰਾਖੰਡ ਦੇ ਵਸਨੀਕ ਡਬਰਾਲ ਜਨਸੰਸਕ੍ਰਿਤੀ ਮੰਚ ਦੇ ਰਾਸ਼ਟਰੀ ਉਪ-ਪ੍ਰਧਾਨ ਵੀ ਰਹੇ ਹਨ । ਆਪਣੀਆਂ ਕਵਿਤਾਵਾਂ, ਵਾਰਤਕ ਅਤੇ ਅਨੁਵਾਦ ਕਾਰਨ ਸਾਹਿਤ ਜਗਤ ਵਿੱਚ ਆਪਣੀ ਵੱਖਰੀ ਪਹਿਚਾਣ ਬਣਾਉਣ ਵਾਲੇ ਸਾਹਿਤ ਅਕਾਦਮੀ ਨਾਲ ਸਨਮਾਨਿਤ ਇਸ ਸਾਹਿਤਕਾਰ ਦੇ ਦਿਹਾਂਤ ‘ਤੇ ਲੋਕਾਂ ਵੱਲੋਂ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਹੈ । ਸਾਲ 2000 ਵਿਚ ਉਨ੍ਹਾਂ ਨੂੰ ਸਾਹਿਤ ਅਕਾਦਮੀ ਅਵਾਰਡ ਵੀ ਮਿਲਿਆ ਸੀ।
ਜ਼ਿਕਰਯੋਗ ਹੈ ਕਿ ਮੰਗਲੇਸ਼ ਡਬਰਾਲ(16 ਮਈ 1948 – 09 ਦਸੰਬਰ, 2020) ਸਮਕਾਲੀ ਹਿੰਦੀ ਕਵੀਆਂ ਵਿੱਚ ਸਭ ਤੋਂ ਪ੍ਰਸਿੱਧ ਨਾਮ ਸੀ। ਉਨ੍ਹਾਂ ਨੇ ਆਪਣੀ ਪੜ੍ਹਾਈ ਦੇਹਰਾਦੂਨ ਵਿੱਚ ਪੂਰੀ ਕੀਤੀ । ਦਿੱਲੀ ਵਿੱਚ ਉਨ੍ਹਾਂ ਨੇ ਕਈ ਰਸਾਲਿਆਂ ਵਿੱਚ ਵੀ ਕੰਮ ਕੀਤਾ। ਉਨ੍ਹਾਂ ਦੀਆਂ ਕਵਿਤਾਵਾਂ ਦੇ ਭਾਰਤੀ ਭਾਸ਼ਾਵਾਂ ਤੋਂ ਇਲਾਵਾ, ਅੰਗ੍ਰੇਜ਼ੀ, ਰੂਸੀ, ਜਰਮਨ, ਡੱਚ, ਸਪੈਨਿਸ਼, ਪੁਰਤਗਾਲੀ, ਇਤਾਲਵੀ, ਫ੍ਰੈਂਚ, ਪੋਲਿਸ਼ ਅਤੇ ਬੁਲਗਾਰੀਆਈ ਭਾਸ਼ਾਵਾਂ ਵਿੱਚ ਵੀ ਅਨੁਵਾਦ ਪ੍ਰਕਾਸ਼ਿਤ ਕੀਤੇ ਗਏ ਹਨ । ਕਵਿਤਾ ਤੋਂ ਇਲਾਵਾ ਉਹ ਸਾਹਿਤ, ਸਿਨੇਮਾ, ਮੀਡੀਆ ਅਤੇ ਸਭਿਆਚਾਰ ਦੇ ਵਿਸ਼ਿਆਂ ‘ਤੇ ਨਿਯਮਤ ਤੌਰ ‘ਤੇ ਲਿਖਦੇ ਸੀ।
ਦੱਸ ਦੇਈਏ ਕਿ ਉਨ੍ਹਾਂ ਦੀਆਂ ਮਸ਼ਹੂਰ ਰਚਨਾਵਾਂ ਵਿੱਚ ‘ਪਹਾੜ ‘ਤੇ ਲਾਲਟੇਨ, ‘ਘਰ ਦਾ ਰਸਤਾ’, ‘ਨਵਾਂ ਜ਼ਮਾਨੇ ‘ਚ ਦੁਸ਼ਮਣ’, ‘ਅਸੀਂ ਜੋ ਵੇਖਦੇ ਹਾਂ’ ਆਦਿ ਸ਼ਾਮਿਲ ਹਨ। ਸਾਹਿਤ ਅਕਾਦਮੀ ਪੁਰਸਕਾਰ ਤੋਂ ਇਲਾਵਾ ਡਬਰਾਲ ਨੂੰ ਸ਼ਮਸ਼ੇਰ ਸਨਮਾਨ, ਸਮ੍ਰਿਤੀ ਸਨਮਾਨ, ਪਹਿਲ ਸਨਮਾਨ ਅਤੇ ਹਿੰਦੀ ਅਕੈਡਮੀ ਦਿੱਲੀ ਦਾ ਸਾਹਿਤਕਾਰ ਸਨਮਾਨ ਦਿੱਤਾ ਗਿਆ ਸੀ ।
ਇਹ ਵੀ ਦੇਖੋ: ਦਿੱਲੀ ‘ਚ ਸ਼ਹੀਦ ਹੋਏ ਇਸ ਕਿਸਾਨ ਦੀ ਸ਼ਹਾਦਤ ਨੂੰ ਵੀਰ ਰੱਸ ਵਾਲੇ ਗੀਤਾਂ ਨਾਲ ਦਿੱਤੀ ਗਈ ਵਿਦਾਈ