Farm laws protest farmers: ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਕੇਂਦਰ ਸਰਕਾਰ ਅਤੇ ਕਿਸਾਨਾਂ ਦਰਮਿਆਨ ਵਿਵਾਦ ਵੱਧ ਗਿਆ ਹੈ। ਸਰਕਾਰ ਅਤੇ ਕਿਸਾਨ ਨੇਤਾਵਾਂ ਵਿਚਾਲੇ ਦਿੱਲੀ ਦੇ ਵਿਗਿਆਨ ਭਵਨ ਵਿਖੇ ਪੰਜਵੇਂ ਦੌਰ ਦੀ ਗੱਲਬਾਤ ਚੱਲ ਰਹੀ ਹੈ। ਸਰਕਾਰ ਅਤੇ ਕਿਸਾਨ ਮੀਟਿੰਗ ਵਿੱਚ ਆਪਣੇ ਸਟੈਂਡ ’ਤੇ ਅੜੇ ਹੋਏ ਹਨ। ਸਰਕਾਰ ਨੇ ਕਾਨੂੰਨ ਵਿੱਚ ਸੋਧ ਦਾ ਪ੍ਰਸਤਾਵ ਦਿੱਤਾ ਹੈ, ਜਿਸ ਨੂੰ ਕਿਸਾਨ ਨੇਤਾਵਾਂ ਨੇ ਰੱਦ ਕਰ ਦਿੱਤਾ। ਕਿਸਾਨ ਆਗੂ ਖੇਤੀਬਾੜੀ ਕਾਨੂੰਨ ਨੂੰ ਰੱਦ ਕਰਨ ‘ਤੇ ਅੜੇ ਹੋਏ ਹਨ। ਕਿਸਾਨ ਜੱਥੇਬੰਦੀਆਂ ਨੇ ਮੀਟਿੰਗ ਵਿੱਚ ਕਿਹਾ ਕਿ ਅਸੀਂ ਸਰਕਾਰ ਨਾਲ ਗੱਲਬਾਤ ਨਹੀਂ ਕਰਨਾ ਚਾਹੁੰਦੇ, ਉਹ ਲਿਖਤੀ ਰੂਪ ਵਿੱਚ ਠੋਸ ਜਵਾਬ ਚਾਹੁੰਦੇ ਹਨ। ਇਸ ਬਾਰੇ ਹੁਣ ਤੱਕ ਬਹੁਤ ਚਰਚਾ ਹੋਈ ਹੈ। ਦਿੱਲੀ ਦੇ ਵਿਗਿਆਨ ਭਵਨ ਵਿਖੇ ਹੋ ਰਹੀ ਇਸ ਮੀਟਿੰਗ ਵਿੱਚ ਕੇਂਦਰੀ ਖੇਤੀਬਾੜੀ ਮੰਤਰੀ ਨਰਿੰਦਰ ਸਿੰਘ ਤੋਮਰ ਅਤੇ ਵਣਜ ਮੰਤਰੀ ਪਿਯੂਸ਼ ਗੋਇਲ ਮੌਜੂਦ ਹਨ। ਇਸ ਦੇ ਨਾਲ ਹੀ ਮੀਟਿੰਗ ਵਿੱਚ ਕਿਸਾਨਾਂ ਦੇ 40 ਪ੍ਰਤੀਨਿਧ ਸ਼ਾਮਿਲ ਹਨ।
ਸਿੰਘੂ ਸਰਹੱਦ ‘ਤੇ ਡਟੇ ਹੋਏ ਆਲ ਇੰਡੀਆ ਕਿਸਾਨ ਸਭਾ ਦੇ ਜਨਰਲ ਸੱਕਤਰ ਹਨਨ ਮੋਲ੍ਹਾ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਕੇਂਦਰ ਸਰਕਾਰ ਦੀ ਕੋਈ ਸੋਧ ਸਵੀਕਾਰ ਨਹੀਂ ਕੀਤੀ ਜਾਏਗੀ। ਹਨਨ ਮੋਲ੍ਹਾ ਨੇ ਕਿਹਾ ਕਿ ਇਸ ਨੂੰ ਪੰਜਾਬ ਅੰਦੋਲਨ ਕਹਿਣਾ ਸਰਕਾਰ ਦੀ ਸਾਜਿਸ਼ ਹੈ, ਪਰ ਅੱਜ ਕਿਸਾਨਾਂ ਨੇ ਦਿਖਾਇਆ ਕਿ ਇਹ ਅੰਦੋਲਨ ਪੂਰੇ ਭਾਰਤ ਵਿੱਚ ਹੋ ਰਿਹਾ ਹੈ ਅਤੇ ਇਹ ਅੱਗੇ ਵੀ ਹੋਵੇਗਾ। ਅਸੀਂ ਫੈਸਲਾ ਕੀਤਾ ਹੈ ਕਿ ਜੇ ਸਰਕਾਰ ਕੋਈ ਸੋਧ ਰੱਖਦੀ ਹੈ ਤਾਂ ਅਸੀਂ ਇਸ ਸੋਧ ਨੂੰ ਸਵੀਕਾਰ ਨਹੀਂ ਕਰਾਂਗੇ। ਇਸ ਦੇ ਨਾਲ ਹੀ ਅੱਜ ਦੀ ਮੀਟਿੰਗ ਤੋਂ ਪਹਿਲਾਂ ਖੇਤੀਬਾੜੀ ਮੰਤਰੀ ਨਰਿੰਦਰ ਤੋਮਰ ਨੇ ਕਿਹਾ ਸੀ ਕਿ ਮੈਨੂੰ ਬਹੁਤ ਉਮੀਦ ਹੈ ਕਿ ਕਿਸਾਨ ਸਕਾਰਾਤਮਕ ਸੋਚਣਗੇ ਅਤੇ ਆਪਣਾ ਅੰਦੋਲਨ ਖਤਮ ਕਰਨਗੇ।
ਇਹ ਵੀ ਦੇਖੋ : ਕਿਸਾਨੀ ਅੰਦੋਲਨ ‘ਚ ਸ਼ਾਮਿਲ ਹੋਏ ਦੇਸ਼ ਭਰ ਦੇ ਲੋਕ, ਦੇਖੋ ਕਾਲੇ ਕਾਨੂੰਨਾਂ ਬਾਰੇ ਕੀ ਕਿਹਾ