Farmer leader Rakesh Tikait announces: ਖੇਤੀਬਾੜੀ ਕਾਨੂੰਨ ਖਿਲਾਫ਼ ਦਿੱਲੀ ਦੀਆਂ ਸਰਹੱਦਾਂ ‘ਤੇ ਡਟੇ ਕਿਸਾਨ ਪਿੱਛੇ ਹਟਣ ਦਾ ਨਾਮ ਨਹੀਂ ਲੈ ਰਹੇ ਹਨ । ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਐਲਾਨ ਕੀਤਾ ਹੈ ਕਿ ਉਹ 26 ਜਨਵਰੀ ਤੱਕ ਇੱਥੇ ਹੀ ਰੁਕੇ ਰਹਿਣਗੇ। ਇਸ ਦੇ ਨਾਲ ਹੀ ਸਰਹੱਦ ‘ਤੇ ਮੌਜੂਦ ਪ੍ਰਦਰਸ਼ਨਕਾਰੀ ਜਲਦੀ ਹੀ ਅਸਥਾਈ ਘਰ ਜਾਂ ਝੌਪੜੀਆਂ ਬਣਾਉਣਗੇ ਤਾਂ ਜੋ ਉਹ ਲੰਬੇ ਸਮੇਂ ਤੱਕ ਇੱਥੇ ਰੁਕ ਸਕਣ। ਕਿਸਾਨਾਂ ਨੇ ਦਿੱਲੀ-ਹਰਿਆਣਾ ਸਰਹੱਦ ‘ਤੇ ਡੇਰਾ ਜਮਾਇਆ ਹੋਇਆ ਹੈ ਅਤੇ ਨਾਲ ਹੀ ਹੁਣ ਦਿੱਲੀ-ਯੂਪੀ ਸਰਹੱਦ ‘ਤੇ ਕਿਸਾਨ ਪਹੁੰਚ ਗਏ ਹਨ । ਵੱਡੀ ਗਿਣਤੀ ਵਿੱਚ ਕਿਸਾਨ ਗਾਜੀਪੁਰ-ਗਾਜ਼ੀਆਬਾਦ ਸਰਹੱਦ ‘ਤੇ ਖੜ੍ਹੇ ਹਨ ਅਤੇ ਦਿੱਲੀ ਵਿੱਚ ਦਾਖਲ ਹੋਣ ਲਈ ਤਿਆਰ ਹਨ ।
ਦੱਸ ਦੇਈਏ ਕਿ ਪੰਜਾਬ ਦੇ ਕਿਸਾਨਾਂ ਦਾ ਸਮਰਥਨ ਕਰਦਿਆਂ ਮੇਰਠ, ਮੁਜ਼ੱਫਰਨਗਰ, ਬਾਗਪਤ, ਬਿਜਨੌਰ ਵਰਗੇ ਖੇਤਰਾਂ ਤੋਂ ਵੱਡੀ ਗਿਣਤੀ ਵਿੱਚ ਕਿਸਾਨ ਦਿੱਲੀ ਪਹੁੰਚੇ ਹਨ। ਦਿੱਲੀ-ਮੇਰਠ, ਦਿੱਲੀ-ਦੇਹਰਾਦੂਨ ਹਾਈਵੇ ਨੂੰ ਜਾਮ ਕੀਤਾ ਹੋਇਆ ਹੈ । ਪ੍ਰਦਰਸ਼ਨ ਦੀ ਅਗਵਾਈ ਕਰ ਰਹੇ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਦਿੱਲੀ ਨੂੰ ਜੋੜਨ ਵਾਲੇ ਹਰ ਹਾਈਵੇ ਨੂੰ ਜਾਮ ਕਰ ਦੇਵਾਂਗੇ ਅਤੇ ਸਰਹੱਦ ‘ਤੇ ਹੀ ਝੌਂਪੜੀਆਂ ਬਣਾਵਾਂਗੇ ਤਾਂ ਜੋ ਅਸੀਂ 26 ਜਨਵਰੀ ਤੱਕ ਇੱਥੇ ਰੁਕ ਸਕੀਏ। ਰਾਕੇਸ਼ ਟਿਕੈਤ ਨੇ ਸਪੱਸ਼ਟ ਕੀਤਾ ਕਿ ਕਿਸਾਨ ਬੁਰਾੜੀ ਨਹੀਂ ਜਾਣਗੇ।
ਜ਼ਿਕਰਯੋਗ ਹੈ ਕਿ ਰਾਕੇਸ਼ ਟਿਕੈਤ ਨਤੋਂ ਪਹਿਲਾਂ ਪੰਜਾਬ ਦੇ ਕਿਸਾਨ ਵੀ ਬੁਰਾਦੀ ਜਾਣ ਤੋਂ ਮਨ੍ਹਾਂ ਕਰ ਚੁੱਕੇ ਹਨ। ਉਨ੍ਹਾਂ ਨੇ ਬੁਰਾੜੀ ਨੂੰ ਓਪਨ ਜੇਲ੍ਹ ਵੀ ਦੱਸਿਆ ਹੈ। ਇੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਕਿਹਾ ਜਾ ਰਿਹਾ ਹੈ ਕਿ ਕਿਸਾਨ ਸਾਰੇ ਹਾਈਵੇ ਛੱਡ ਕੇ ਬੁਰਾੜੀ ਦੇ ਗ੍ਰਾਊਂਡ ਵਿੱਚ ਆ ਕੇ ਪ੍ਰਦਰਸ਼ਨ ਕਰਨ ਤੇ ਉੱਥੇ ਹੀ ਗੱਲਬਾਤ ਕੀਤੀ ਜਾਵੇਗੀ।
ਦੱਸ ਦੇਈਏ ਕਿ ਵੱਖ-ਵੱਖ ਕਿਸਾਨ ਜੱਥੇਬੰਦੀਆਂ ਨੇ ਦਿੱਲੀ-ਗੁਰੂਗ੍ਰਾਮ, ਦਿੱਲੀ-ਗਾਜ਼ੀਆਬਾਦ, ਦਿੱਲੀ-ਨੋਇਡਾ ਅਤੇ ਹੋਰ ਸਰਹੱਦਾਂ ‘ਤੇ ਡੇਰਾ ਲਾਇਆ ਹੋਇਆ ਹੈ । ਜਿਸ ਕਾਰਨ ਲੰਬਾ ਜਾਮ ਲੱਗ ਰਿਹਾ ਹੈ ਅਤੇ ਆਮ ਲੋਕਾਂ ਨੂੰ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਇਹੀ ਕਾਰਨ ਹੈ ਕਿ ਕਿਸਾਨਾਂ ਦਾ ਇਹ ਪ੍ਰਦਰਸ਼ਨ ਸਰਕਾਰ ਦੀ ਚਿੰਤਾ ਵੀ ਵਧਾ ਰਿਹਾ ਹੈ।
ਇਹ ਵੀ ਦੇਖੋ: ਬੀਬੀਆਂ ਨੇ Kangana Ranaut ਸਮੇਤ Modi ਸਰਕਾਰ ਦੀ ਲਿਆ ਦਿੱਤੀ ਹਨੇਰੀ, ਕੰਗਣਾ ਰਣੌਤ ਨੂੰ ਦੱਸਿਆ ਵਿਕਾਊ