Farmer leader Rakesh Tikait warns: ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਗਏ ਨਵੇਂ ਖੇਤੀਬਾੜੀ ਕਾਨੂੰਨਾਂ ਖਿਲਾਫ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਇਨ੍ਹਾਂ ਕਾਲੇ ਕਾਨੂੰਨਾਂ ਖਿਲਾਫ਼ ਕਿਸਾਨ ਲਗਾਤਾਰ ਦਿੱਲੀ ਦੇ ਬਾਰਡਰਾਂ ‘ਤੇ ਡਟੇ ਹੋਏ ਹਨ । ਇਸੇ ਵਿਚਾਲੇ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕੇ ਜੇਕਰ ਕੇਂਦਰ ਸਰਕਾਰ ਇਨ੍ਹਾਂ ਕਾਲੇ ਕਾਨੂੰਨਾਂ ਨੂੰ ਵਾਪਿਸ ਨਹੀਂ ਲੈਂਦੀ ਤਾਂ ਇਸ ਵਾਰ ਸੰਸਦ ਨੂੰ ਘੇਰਨ ਦਾ ਸੱਦਾ ਦਿੱਤਾ ਜਾਵੇਗਾ ਤੇ ਉੱਥੇ 4 ਲੱਖ ਨਹੀਂ ਬਲਕਿ 40 ਲੱਖ ਟ੍ਰੈਕਟਰ ਜਾਣਗੇ । ਇਸਦੇ ਨਾਲ ਹੀ ਉਨ੍ਹਾਂ ਨੇ ਕਿਸਾਨਾਂ ਨੂੰ ਤਿਆਰ ਰਹਿਣ ਨੂੰ ਕਿਹਾ ਕਿਉਂਕਿ ਕਦੇ ਵੀ ਦਿੱਲੀ ਜਾਣ ਦਾ ਸੱਦਾ ਦਿੱਤਾ ਜਾ ਸਕਦਾ ਹੈ।
ਦਰਅਸਲ, ਟਿਕੈਤ ਨੇ ਇਹ ਐਲਾਨ ਮਹਾਪੰਚਾਇਤ ਦੌਰਾਨ ਕੀਤਾ। ਉਨ੍ਹਾਂ ਕਿਹਾ ਕਿ ਦਿੱਲੀ ਪੂਰੀ ਤਰ੍ਹਾਂ ਤਿਆਰ ਰਹੇ, ਕਿਉਂਕਿ ਕਿਸਾਨ ਵੀ ਓਹੀ ਹਨ ਤੇ ਟਰੈਕਟਰ ਵੀ ਓਹੀ ਹਨ। ਪਰ ਇਸ ਵਾਰ ਸੰਸਦ ਨੂੰ ਘੇਰਿਆ ਜਾਵੇਗਾ। ਇਸ ਤੋਂ ਅੱਗੇ ਉਨ੍ਹਾਂ ਕਿਹਾ ਕਿ ਕਿਸਾਨ ਇੰਡੀਆ ਗੇਟ ਦੇ ਕੋਲ ਪਾਰਕਾਂ ਵਿੱਚ ਫਸਲ ਉਗਾਉਣਗੇ। ਉਨ੍ਹਾਂ ਕਿਹਾ ਕਿ ਸੰਸਦ ਨੂੰ ਘੇਰਨ ਲਈ ਸੰਯੁਕਤ ਕਿਸਾਨ ਮੋਰਚੇ ਵੱਲੋਂ ਤਰੀਕ ਤੈਅ ਕੀਤੀ ਜਾਵੇਗੀ।
ਕਿਸਾਨ ਆਗੂ ਨੇ ਕਿਹਾ ਕਿ 26 ਜਨਵਰੀ ਦੀ ਘਟਨਾ ਮਾਮਲੇ ਵਿੱਚ ਦੇਸ਼ ਦੇ ਕਿਸਾਨਾਂ ਨੂੰ ਬਦਨਾਮ ਕਰਨ ਦੀ ਸਾਜਿਸ਼ ਰਚੀ ਗਈ ਸੀ। ਦੇਸ਼ ਦੇ ਕਿਸਾਨ ਤਿਰੰਗੇ ਨੂੰ ਪਿਆਰ ਕਰਦੇ ਹਨ, ਪਰ ਇਸ ਦੇਸ਼ ਦੇ ਨੇਤਾਵਾਂ ਨੂੰ ਨਹੀਂ । ਟਿਕੈਤ ਨੇ ਕਿਹਾ ਕਿ ਸਰਕਾਰ ਨੂੰ ਕਿਸਾਨਾਂ ਦੀ ਇਕ ਖੁੱਲੀ ਚੁਣੌਤੀ ਹੈ ਕਿ ਜੇ ਸਰਕਾਰ ਨੇ ਤਿੰਨ ਖੇਤੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਅਤੇ ਐਮਐਸਪੀ ਲਾਗੂ ਨਹੀਂ ਕੀਤੀ ਤਾਂ ਵੱਡੀਆਂ ਕੰਪਨੀਆਂ ਦੇ ਗੋਦਾਮਾਂ ਨੂੰ ਢਾਹੁਣ ਦਾ ਕੰਮ ਵੀ ਦੇਸ਼ ਦਾ ਕਿਸਾਨ ਕਰੇਗਾ ।
ਇਸ ਤੋਂ ਇਲਾਵਾ ਰਾਕੇਸ਼ ਟਿਕੈਤ ਨੇ ਕਿਹਾ ਕਿ ਇਸਦੇ ਲਈ ਵੀ ਸੰਯੁਕਤ ਕਿਸਾਨ ਮੋਰਚਾ ਜਲਦੀ ਹੀ ਤਰੀਕ ਦੱਸੇਗਾ । ਮਹਾਂਪੰਚਾਇਤ ਨੂੰ ਸਵਰਾਜ ਲਹਿਰ ਦੇ ਆਗੂ ਯੋਗੇਂਦਰ ਯਾਦਵ, ਆਲ ਇੰਡੀਆ ਕਿਸਾਨ ਸਭਾ ਦੇ ਕੌਮੀ ਮੀਤ ਪ੍ਰਧਾਨ ਚੌਧਰੀ ਯੁੱਧਵੀਰ ਸਿੰਘ ਅਤੇ ਕਈ ਕਿਸਾਨ ਨੇਤਾ ਨੇ ਵੀ ਸੰਬੋਧਿਤ ਕੀਤਾ ।