Farmer Leaders Engaged: ਖੇਤੀਬਾੜੀ ਕਾਨੂੰਨਾਂ ਖਿਲਾਫ਼ ਕਿਸਾਨਾਂ ਦਾ ਅੰਦੋਲਨ ਜਾਰੀ ਹੈ। ਕਾਨੂੰਨਾਂ ਨੂੰ ਵਾਪਿਸ ਲਏ ਬਿਨ੍ਹਾਂ ਅੰਦੋਲਨਕਾਰੀ ਕਿਸਾਨ ਪਿੱਛੇ ਹਟਣ ਲਈ ਤਿਆਰ ਨਹੀਂ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੀ ਆਪਣਾ ਪੱਖ ਸਪੱਸ਼ਟ ਕਰ ਚੁੱਕੀ ਹੈ । ਇਸ ਦੌਰਾਨ ਕਿਸਾਨ ਆਗੂ ਅੰਦੋਲਨ ਨੂੰ ਹੋਰ ਤੇਜ ਕਰਨ ਲਈ ਡਟੇ ਹੋਏ ਨੇ । ਉਨ੍ਹਾਂ ਨੇ ਅੰਦੋਲਨ ਨੂੰ ਹੋਰ ਰਫ਼ਤਾਰ ਦੇਣੀ ਸ਼ੁਰੂ ਕਰ ਦਿੱਤੀ ਹੈ। ਕਿਸਾਨ ਆਗੂ ਅਤੇ ਉਨ੍ਹਾਂ ਦੇ ਸਮਰਥਕ ਦਿੱਲੀ ਦੇ ਬਾਰਡਰਾਂ ‘ਤੇ ਸਟੇਜ ਤੋਂ ਕਿਸਾਨਾਂ ਵਿੱਚ ਹੋਰ ਜੋਸ਼ ਭਰ ਰਹੇ ਹਨ । ਇਸਦੇ ਨਾਲ ਹੀ ਕਿਸਾਨਾਂ ਵਲੋਂ 18 ਫਰਵਰੀ ਨੂੰ ਰੇਲ ਰੋਕਣ ਦਾ ਐਲਾਨ ਵੀ ਕੀਤਾ ਗਿਆ ਹੈ।
ਇਸ ਸਬੰਧੀ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਇਸ ਭੁਲੇਖੇ ਵਿੱਚ ਹੈ ਕਿ ਗਰਮੀਆਂ ਵਿੱਚ ਕਿਸਾਨ ਅੰਦੋਲਨ ਖ਼ਤਮ ਕਰ ਅਪਣੇ ਘਰਾਂ ਨੂੰ ਚੱਲੇ ਜਾਣਗੇ, ਪਰ ਇਹ ਲਹਿਰ ਅਕਤੂਬਰ ਤੋਂ ਬਾਅਦ ਵੀ ਜਾਰੀ ਰਹਿ ਸਕਦੀ ਹੈ। ਇਸ ਦੇ ਲਈ ਕਿਸਾਨ ਪੂਰੀ ਤਰ੍ਹਾਂ ਤਿਆਰ ਹਨ । ਉਨ੍ਹਾਂ ਦੱਸਿਆ ਕਿ ਇੱਕ ਦੋ ਦਿਨਾਂ ਵਿੱਚ ਗਾਜੀਪੁਰ ਸਰਹੱਦ ’ਤੇ ਵੀ ਕਿਸਾਨ ਕ੍ਰਾਂਤੀ ਪਾਰਕ ਦਾ ਨਿਰਮਾਣ ਕੀਤਾ ਜਾਵੇਗਾ ਅਤੇ ਉੱਥੇ ਭਾਰਤੀ ਕਿਸਾਨ ਯੂਨੀਅਨ ਦਾ ਝੰਡਾ ਵੀ ਲੱਗੇਗਾ । ਜੇ ਸਰਕਾਰ ਸਾਨੂੰ ਬਿਜਲੀ ਦਾ ਮੀਟਰ ਮੁਹੱਈਆ ਨਹੀਂ ਕਰਵਾਉਂਦੀ ਤਾਂ ਅਸੀਂ ਇੱਥੇ ਜਰਨੇਟਰ ਚਲਾਵਾਂਗੇ ਅਤੇ ਆਉਣ ਵਾਲੀ ਗਰਮੀ ਵਿੱਚ ਸਾਰੇ ਸਾਧਨ ਜਰਨੇਟਰਾਂ ਦੀ ਸਹਾਇਤਾ ਨਾਲ ਚਲਾਏ ਜਾਣਗੇ।
ਇਸ ਤੋਂ ਅੱਗੇ ਉਨ੍ਹਾਂ ਨੇ ਕਿਸਾਨਾਂ ਨੂੰ ਇੱਕ ਹਫ਼ਤੇ ਦੀ ਅੰਦੋਲਨ ਦੀ ਰਣਨੀਤੀ ਅਪਨਾਉਣ ਦੀ ਅਪੀਲ ਕੀਤੀ । ਉਨ੍ਹਾਂ ਕਿਹਾ ਕਿ ਹਰ ਕਿਸਾਨ ਜੋ ਇੱਕ ਹਫ਼ਤਾ ਪਹਿਲਾਂ ਆਉਂਦਾ ਹੈ, ਅੰਦੋਲਨ ਵਿੱਚ ਘੱਟੋ-ਘੱਟ ਇੱਕ ਹਫ਼ਤਾ ਹਿੱਸਾ ਪਾ ਕੇ ਜਾਵੇਗਾ। ਉਨ੍ਹਾਂ ਨੇ ਕਿਸਾਨਾਂ ਨੂੰ ਅਪੀਲ ਕੀਤੀ ਕਿ ਉਹ ਕਾਰ ਰਾਹੀਂ ਨਾ ਆਉਣ, ਸਗੋਂ ਟਰੈਕਟਰ-ਟਰਾਲੀ ਰਾਹੀਂ ਆਉਣ ।
ਮਸ਼ਹੂਰ ਪੰਜਾਬੀ ਗਾਇਕ ਬੱਬੂ ਮਾਨ ਕੱਲ ਗਾਜੀਪੁਰ ਸਰਹੱਦ ‘ਤੇ ਕਿਸਾਨਾਂ ਦੇ ਵਿਚਕਾਰ ਪਹੁੰਚੇ ਅਤੇ ਰਾਕੇਸ਼ ਟਿਕੈਤ ਵੀ ਉਨ੍ਹਾਂ ਦੇ ਨਾਲ ਸਟੇਜ ‘ਤੇ ਪੁਹੰਚੇ। ਇਸ ਦੌਰਾਨ ਕਿਸਾਨਾਂ ਨੇ ਨਾਅਰੇਬਾਜ਼ੀ ਕਰਦਿਆਂ ਟਿਕੈਤ ਅਤੇ ਬੱਬੂ ਮਾਨ ਦਾ ਸਵਾਗਤ ਕੀਤਾ । ਉਨ੍ਹਾਂ ਨੇ ਕਿਹਾ ਕਿ ਜਦੋ ਤੱਕ ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਵਾਪਸ ਨਹੀਂ ਲਿਆ ਜਾਂਦਾ ਉਦੋਂ ਤੱਕ ਕਿਸਾਨ ਡੱਟੇ ਰਹਿਣਗੇ । ਉਨ੍ਹਾਂ ਕਿਹਾ ਕਿ ਇੱਕ ਅੱਥਰੂ ਨੇ ਅੰਦੋਲਨ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ।
ਇਹ ਵੀ ਦੇਖੋ: ਦਿੱਲੀ ਅੰਦੋਲਨ ‘ਚ ਸ਼ਾਮਲ ਹੋਣ ਪਹੁੰਚੇ ਪੰਜਾਬੀ ਕਲਾਕਾਰ ਸਟੇਜ ਤੋਂ ਕਿਸਾਨਾਂ ਦੇ ਜਜ਼ਬੇ ਨੂੰ ਕੀਤਾ ਸਲਾਮ….