Farmer Leaders Go On Hunger Strike: ਕੇਂਦਰ ਦੇ ਖੇਤੀਬਾੜੀ ਕਾਨੂੰਨਾਂ ਖਿਲਾਫ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦੇ ਅੰਦੋਲਨ ਦਾ ਅੱਜ 19ਵਾਂ ਦਿਨ ਹੈ। ਠੰਡ ਅਤੇ ਸੰਘਣੀ ਧੁੰਦ ਦੇ ਵਿਚਕਾਰ ਕਿਸਾਨ ਦਿੱਲੀ ਦੀਆਂ ਸਾਰੀਆਂ ਸਰਹੱਦਾਂ ‘ਤੇ ਡਟੇ ਹੋਏ ਹਨ । ਇੱਕ ਪਾਸੇ ਜਿੱਥੇ ਕਿਸਾਨ ਤਿੰਨੋਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੀ ਜ਼ਿੱਦ ‘ਤੇ ਅੜੇ ਹੋਏ ਹਨ ਤੇ ਉੱਥੇ ਹੀ ਦੂਜੇ ਪਾਸੇ ਸਰਕਾਰ ਵੱਲੋਂ ਨਵੇਂ ਪ੍ਰਸਤਾਵ ਭੇਜੇ ਜਾ ਰਹੇ ਹਨ। ਜਿਸ ਤੋਂ ਬਾਅਦ ਕਿਸਾਨਾਂ ਵੱਲੋਂ ਇਸ ਅੰਦੋਲਨ ਨੂੰ ਹੋਰ ਤੇਜ਼ ਕਰ ਦਿੱਤਾ ਗਿਆ ਹੈ। ਜਿਸਦੇ ਮੱਦੇਨਜ਼ਰ ਅੱਜ ਕਿਸਾਨ ਭੁੱਖ ਹੜਤਾਲ ‘ਤੇ ਹੈ। ਦਿੱਲੀ ਦੇ ਸਾਰੇ ਬਾਰਡਰਾਂ ‘ਤੇ ਕਿਸਾਨ ਅੱਜ ਭੁੱਖ ਹੜਤਾਲ ‘ਤੇ ਬੈਠੇ ਹਨ। ਇਸ ਵਿਚਾਲੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਉਨ੍ਹਾਂ ਦਾ ਸਮਰਥਨ ਕਰਨ ਦੀ ਗੱਲ ਕਹੀ ਹੈ। ਉਨ੍ਹਾਂ ਕਿਹਾ ਕਿ ਕਿਸਾਨਾਂ ਦੇ ਨਾਲ ਅੱਜ ਉਹ ਵੀ ਭੁੱਖ ਹੜਤਾਲ ਕਰਨਗੇ।
ਦਰਅਸਲ, ਅੱਜ ਭੁੱਖ ਹੜਤਾਲ ਦੀ ਅਪੀਲ ਨੂੰ ਲੈ ਕੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਕਿਸਾਨਾਂ ਦੀ ਭੁੱਖ ਹੜਤਾਲ ਸ਼ੁਰੂ ਹੋ ਗਈ ਹੈ । ਕਿਸਾਨ ਰਾਜਸਥਾਨ ਦੇ ਸ਼ਾਹਜਹਾਂਪੁਰ ਵਿੱਚ ਵੱਡੀ ਗਿਣਤੀ ਵਿੱਚ ਅੰਦੋਲਨ ਕਰ ਰਹੇ ਹਨ ਅਤੇ ਭੁੱਖ ਹੜਤਾਲ ‘ਤੇ ਹਨ । ਦਿੱਲੀ ਵਿੱਚ ਵੀ ਸਿੰਘ, ਟਿੱਕਰੀ, ਗਾਜੀਪੁਰ ਸਰਹੱਦ ‘ਤੇ ਕਿਸਾਨਾਂ ਦਾ ਧਰਨਾ ਜਾਰੀ ਹੈ । ਕਿਸਾਨਾਂ ਵੱਲੋਂ ਸੜਕਾਂ ਨੂੰ ਜਾਮ ਕੀਤਾ ਜਾ ਰਿਹਾ ਹੈ ਅਤੇ ਨਾਲ ਹੀ ਭਾਜਪਾ ਨੇਤਾਵਾਂ ਨੂੰ ਘੇਰਨ ਦੀ ਯੋਜਨਾ ਵੀ ਹੈ।
ਇਸੇ ਵਿਚਾਲੇ ਕੇਜਰੀਵਾਲ ਵੱਲੋਂ ਅੱਜ ਫਿਰ ਲੋਕਾਂ ਨੂੰ ਟਵੀਟ ਕਰ ਕੇ ਇਸ ਭੁੱਖ ਹੜਤਾਲ ਦਾ ਸਮਰਥਨ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦਿਆਂ ਲਿਖਿਆ, “ਵਰਤ ਪਵਿੱਤਰ ਹੁੰਦਾ ਹੈ। ਤੁਸੀਂ ਜਿੱਥੇ ਵੀ ਹੋ, ਸਾਡੇ ਕਿਸਾਨ ਭਰਾਵਾਂ ਲਈ ਵਰਤ ਰੱਖੋ। ਉਨ੍ਹਾਂ ਦੇ ਸੰਘਰਸ਼ ਦੀ ਸਫਲਤਾ ਲਈ ਪ੍ਰਮਾਤਮਾ ਅੱਗੇ ਅਰਦਾਸ ਕਰੋ। ਅੰਤ ਵਿੱਚ, ਕਿਸਾਨ ਨਿਸ਼ਚਤ ਤੌਰ ‘ਤੇ ਜਿੱਤ ਹਾਸਿਲ ਕਰਨਗੇ।”
ਦੱਸ ਦੇਈਏ ਕਿ ਹਾਲਾਂਕਿ, ਐਤਵਾਰ ਨੂੰ ਦਿੱਲੀ ਦੇ ਸਿੰਘੂ ਬਾਰਡਰ ‘ਤੇ ਆਯੋਜਿਤ ਇੱਕ ਪ੍ਰੈਸ ਕਾਨਫਰੰਸ ਵਿੱਚ ਕਿਸਾਨ ਨੇਤਾਵਾਂ ਨੇ ਦੱਸਿਆ ਕਿ ਅੰਦੋਲਨ ਦੀ ਅੱਗੇ ਦੀ ਰੂਪਰੇਖਾ ਬਾਰੇ ਉਨ੍ਹਾਂ ਵਿੱਚ ਵਿਚਾਰ ਵਟਾਂਦਰੇ ਹੋਏ । ਕਿਸਾਨ ਨੇਤਾਵਾਂ ਦੀ ਮੀਟਿੰਗ ਵਿੱਚ ਇਹ ਫੈਸਲਾ ਲਿਆ ਗਿਆ ਕਿ ਕਿਸਾਨ ਸਿੰਘੂ, ਟਿਕਰੀ, ਪਲਵਲ, ਗਾਜੀਪੁਰ ਸਮੇਤ ਸਾਰੇ ਨਾਕਿਆਂ ‘ਤੇ ਵਰਤ ਰੱਖਣਗੇ । ਕਿਸਾਨ ਆਗੂ ਗੁਰਨਾਮ ਸਿੰਘ ਚਿਡੋਨੀ ਨੇ ਦੱਸਿਆ ਕਿ ਕਿਸਾਨ ਸੋਮਵਾਰ ਨੂੰ ਸਵੇਰੇ 8 ਵਜੇ ਤੋਂ ਸ਼ਾਮ 5 ਵਜੇ ਤੱਕ ਇਕ ਦਿਨ ਭਰ ਭੁੱਖ ਹੜਤਾਲ ਕਰਨਗੇ । ਇਹ ਧਰਨਾ ਸਾਰੇ ਜ਼ਿਲ੍ਹਾ ਹੈੱਡਕੁਆਰਟਰਾਂ ਵਿਖੇ ਵੀ ਲਾਇਆ ਜਾਵੇਗਾ।
ਇਹ ਵੀ ਦੇਖੋ: ਭੁੱਖ ਹੜਤਾਲ ਤੇ ਬੈਠੀਆਂ ਕਿਸਾਨ ਜਥੇਬੰਦੀਆਂ, ਦੇਖੋ LIVE ਤਸਵੀਰਾਂ