Farmer organization claim: ਤਿੰਨੋ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਸ਼ਨੀਵਾਰ ਨੂੰ ਤਿੰਨ ਘੰਟਿਆਂ ਲਈ ਦੇਸ਼ ਭਰ ਵਿੱਚ ਚੱਕਾ ਜਾਮ ਦੌਰਾਨ ਰਾਜਸਥਾਨ, ਹਰਿਆਣਾ ਅਤੇ ਪੰਜਾਬ ਵਿੱਚ ਕਿਸਾਨ ਜੱਥੇਬੰਦੀਆਂ ਸੜਕਾਂ ‘ਤੇ ਉਤਰ ਆਈਆਂ । ਜੰਮੂ-ਕਸ਼ਮੀਰ, ਮਹਾਰਾਸ਼ਟਰ, ਕਰਨਾਟਕ ਅਤੇ ਤਾਮਿਲਨਾਡੂ ਵਿੱਚ ਵੀ ਸੀਮਤ ਪੱਧਰਾਂ ‘ਤੇ ਕਿਸਾਨਾਂ ਦਾ ਪ੍ਰਦਰਸ਼ਨ ਹੋਇਆ । ਦੁਪਹਿਰ 12 ਤੋਂ 3 ਵਜੇ ਤੱਕ ਸ਼ਾਂਤੀਪੂਰਵਕ ਚੱਕਾ ਜਾਮ ਦੇ ਬਾਅਦ ਭਾਰਤੀ ਕਿਸਾਨ ਯੂਨੀਅਨ ਦੇ ਆਗੂ ਰਾਕੇਸ਼ ਟਿਕੈਤ ਨੇ ਕੇਂਦਰ ਸਰਕਾਰ ਨੂੰ 2 ਅਕਤੂਬਰ ਤੱਕ ਖੇਤੀਬਾੜੀ ਕਾਨੂੰਨ ਵਾਪਸ ਲੈਣ ਦਾ ਅਲਟੀਮੇਟਮ ਦੇ ਦਿੱਤਾ। ਗਾਜੀਪੁਰ ਬਾਰਡਰ ‘ਤੇ ਟਿਕੈਤ ਨੇ ਕਿਹਾ, “ਅਸੀਂ ਸਰਕਾਰ ਨਾਲ ਕਿਸੇ ਦਬਾਅ ਵਿੱਚ ਗੱਲਬਾਤ ਨਹੀਂ ਕਰਾਂਗੇ।” ਸਰਕਾਰ ਨੂੰ ਗੱਲਬਾਤ ਲਈ ਉਹੀ ਪਲੇਟਫਾਰਮ ਤਿਆਰ ਕਰਨਾ ਪਵੇਗਾ ।
ਇਸ ਦੇ ਨਾਲ ਹੀ ਆਲ ਇੰਡੀਆ ਕਿਸਾਨ ਸੰਘਰਸ਼ ਸਹਿਯੋਗੀ ਕਮੇਟੀ ਦੇ ਸੈਕਟਰੀ ਅਵਿਕ ਸਾਹਾ ਨੇ ਦਾਅਵਾ ਕਰਦਿਆਂ ਕਿਹਾ, “ਤਿੰਨ ਘੰਟਿਆਂ ਦੌਰਾਨ ਦੇਸ਼ ਭਰ ਵਿੱਚ ਲਗਭਗ 10,000 ਥਾਵਾਂ ‘ਤੇ ਸੜਕਾਂ ਜਾਮ ਕੀਤੀਆਂ ਗਈਆਂ । ਇਸ ਤੋਂ ਪਹਿਲਾਂ ਦਿਨ ਵਿੱਚ ਰਾਜਸਥਾਨ ਦੇ ਗੰਗਾਨਗਰ, ਹਨੂੰਮਾਨਗੜ੍ਹ, ਧੌਲਪੁਰ ਅਤੇ ਝਾਲਾਵਾੜ ਸਮੇਤ ਕਈ ਥਾਵਾਂ ‘ਤੇ ਕਿਸਾਨ ਮੁੱਖ ਸੜਕਾਂ ਜਾਂ ਹਾਈਵੇ ‘ਤੇ ਧਰਨੇ ‘ਤੇ ਬੈਠੇ ਸਨ । ਪੰਜਾਬ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਕੋਕਰੀਕਲਾਂ ਨੇ ਕਿਹਾ, “ਅਸੀਂ ਪੰਜਾਬ ਵਿੱਚ ਸੰਗਰੂਰ, ਬਰਨਾਲਾ, ਲੁਧਿਆਣਾ ਅਤੇ ਬਠਿੰਡਾ ਸਮੇਤ 15 ਜ਼ਿਲ੍ਹਿਆਂ ਵਿੱਚ 33 ਥਾਵਾਂ ‘ਤੇ ਸੜਕਾਂ ‘ਤੇ ਆਵਾਜਾਈ ਰੋਕੀ।
ਇਸ ਤੋਂ ਇਲਾਵਾ ਬਹੁਤੀਆਂ ਥਾਵਾਂ ‘ਤੇ ਕਿਸਾਨ ਟਰੈਕਟਰ ਟਰਾਲੀਆਂ ਲੈ ਕੇ ਪਹੁੰਚੇ । ਇਸ ਦੇ ਨਾਲ ਹੀ ਜੰਮੂ-ਕਸ਼ਮੀਰ ਵਿੱਚ ਕਿਸਾਨ ਜੱਥੇਬੰਦੀਆਂ ਨੇ ਜੰਮੂ-ਪਠਾਨਕੋਟ ਹਾਈਵੇਅ ‘ਤੇ ਪ੍ਰਦਰਸ਼ਨ ਕੀਤਾ। ਇਸ ਦੌਰਾਨ ਇਥੋਂ ਲੰਘ ਰਹੇ ਵਾਹਨ ਰੋਕ ਦਿੱਤੇ ਗਏ । ਅੰਬਾਲਾ, ਸੋਨੀਪਤ ਅਤੇ ਜੀਂਦ ਸਮੇਤ ਹਰਿਆਣਾ ਵਿੱਚ ਕਈ ਥਾਵਾਂ ‘ਤੇ ਪ੍ਰਦਰਸ਼ਨ ਕੀਤੇ ਗਏ। ਕਿਸਾਨਾਂ ਨੇ ਆਪਣੇ ਟਰੈਕਟਰਾਂ ਅਤੇ ਵੱਡੇ ਟਰੱਕਾਂ ਨੂੰ ਲਗਾ ਕੇ ਸੋਨੀਪਤ ਵਿੱਚ ਪੂਰਬੀ ਅਤੇ ਪੱਛਮੀ ਪੈਰੀਫਿਰਲ ਐਕਸਪ੍ਰੈਸ ਵੇਅ ਨੂੰ ਬੰਦ ਕਰ ਦਿੱਤਾ। ਕਿਸਾਨ ਐਂਬੂਲੈਂਸਾਂ ਅਤੇ ਹੋਰ ਐਮਰਜੈਂਸੀ ਸੇਵਾਵਾਂ ਦੇ ਵਾਹਨਾਂ ਨੂੰ ਜਾਣ ਦੇ ਰਹੇ ਸਨ।
ਦੱਸ ਦੇਈਏ ਕਿ ਕਿਸਾਨ ਆਗੂ ਰਾਕੇਸ਼ ਟਿਕੈਤ ਨੇ ਕਿਹਾ ਕਿ ਅਸੀਂ ਸਰਕਾਰ ਨੂੰ ਕਾਨੂੰਨ ਵਾਪਸ ਲੈਣ ਲਈ 2 ਅਕਤੂਬਰ ਤੱਕ ਦਾ ਸਮਾਂ ਦਿੱਤਾ ਹੈ। ਅਸੀਂ ਫਿਰ ਯੋਜਨਾ ਬਣਾਵਾਂਗੇ। ਜਾਂ ਤਾਂ ਸਰਕਾਰ ਨੂੰ ਸਾਡੀ ਗੱਲ ਸੁਣਨੀ ਚਾਹੀਦੀ ਹੈ, ਨਹੀਂ ਤਾਂ ਅਗਲੀ ਲਹਿਰ ਇਹ ਹੋਵੇਗੀ ਕਿ ਜਿਸਦਾ ਪਰਿਵਾਰ ਫੌਜ ਅਤੇ ਪੁਲਿਸ ਵਿੱਚ ਹੋਵੇਗਾ, ਉਸਦਾ ਪਰਿਵਾਰ ਇਥੇ ਹੀ ਰਹੇਗਾ ਅਤੇ ਉਸ ਦੇ ਪਿਤਾ ਆਪਣੇ ਪੁੱਤਰ ਦੀ ਤਸਵੀਰ ਲੈ ਕੇ ਇੱਥੇ ਬੈਠਣਗੇ।