Farmer Protest Against Farmer Bill: ਨਵੇਂ ਖੇਤੀਬਾੜੀ ਕਾਨੂੰਨਾਂ ਨੂੰ ਰੱਦ ਕਰਨ ਦੀ ਜ਼ਿੱਦ ’ਤੇ 26 ਦਿਨਾਂ ਤੋਂ ਦਿੱਲੀ ਦੀਆਂ ਸਰਹੱਦਾਂ ‘ਤੇ ਕੜਾਕੇ ਦੀ ਠੰਡ ਵਿੱਚ ਡਟੇ ਕਿਸਾਨ ਹੁਣ ਆਪਣੀਆਂ ਮੰਗਾਂ ਮੰਗਵਾਉਣ ਲਈ ਕੇਂਦਰ ਨੂੰ ਕੌਮਾਂਤਰੀ ਪੱਧਰ ’ਤੇ ਘੇਰਨ ਦੀ ਤਿਆਰੀ ਕਰ ਰਹੇ ਹਨ । ਕਿਸਾਨ ਬ੍ਰਿਟੇਨ ਦੇ ਸੰਸਦ ਮੈਂਬਰਾਂ ਨੂੰ ਪੱਤਰ ਭੇਜਣਗੇ ਤਾਂ ਜੋ ਉਨ੍ਹਾਂ ਨੂੰ ਅਪੀਲ ਕੀਤੀ ਜਾਵੇ ਕਿ ਉਹ ਆਪਣੇ ਪ੍ਰਧਾਨ ਮੰਤਰੀ ਨੂੰ ਕਿਸਾਨਾਂ ਦੇ ਸਮਰਥਨ ਵਿੱਚ ਗਣਤੰਤਰ ਦਿਵਸ ਸਮਾਰੋਹ ਵਿੱਚ ਸ਼ਾਮਿਲ ਹੋਣ ਤੋਂ ਰੋਕਣ।
ਇਸ ਤੋਂ ਇਲਾਵਾ ਕਿਸਾਨਾਂ ਨੇ ਵਿਦੇਸ਼ਾਂ ਵਿੱਚ ਵਸਦੇ ਭਾਰਤੀਆਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜਿਸ ਦੇਸ਼ ਵਿੱਚ ਹਨ, ਉੱਥੇ ਭਾਰਤੀ ਦੂਤਾਵਾਸ ਦੇ ਬਾਹਰ ਕਿਸਾਨ ਅੰਦੋਲਨ ਦੇ ਸਮਰਥਨ ਵਿੱਚ ਇੱਕ ਧਰਨਾ ਪ੍ਰਦਰਸ਼ਨ ਕਰਨ । ਕਿਸਾਨ ਆਗੂ ਹਰਿੰਦਰ ਸਿੰਘ ਲੱਖੋਵਾਲ, ਐਡਵੋਕੇਟ ਪ੍ਰੇਮ ਸਿੰਘ, ਹਰਦੇਵ ਸਿੰਘ ਸੰਧੂ, ਮੇਜਰ ਸਿੰਘ ਪੁੰਨਾਵਾਲ ਨੇ ਕਿਹਾ, ‘ਕਿਸਾਨਾਂ ਨੇ ਸਰਕਾਰ ਦੇ ਪ੍ਰਸਤਾਵ ਨੂੰ ਰੱਦ ਕਰਨ ਤੋਂ ਬਾਅਦ ਹੁਣ ਲਿਖਤ ਵਿੱਚ ਜਵਾਬ ਦੇਣ ਦਾ ਫੈਸਲਾ ਕੀਤਾ ਹੈ। ਇਸ ਦੇ ਲਈ, ਬੁੱਧਵਾਰ ਨੂੰ ਸਾਰੀਆਂ ਸੰਸਥਾਵਾਂ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਕੇਂਦਰ ਨੂੰ ਜਵਾਬ ਭੇਜਿਆ ਜਾਵੇਗਾ। ਕਿਸਾਨਾਂ ਨੇ ਸਰਕਾਰ ਤੋਂ ਦੁਹਰਾਇਆ ਹੈ ਕਿ ਕੀ ਕਿਸਾਨ ਕਾਨੂੰਨਾਂ ਨੂੰ ਰੱਦ ਕੀਤਾ ਜਾਵੇਗਾ ਜਾਂ ਨਹੀਂ, ਇਸ ਤੋਂ ਬਾਅਦ ਉਹ ਦੱਸਣਗੇ ਕਿ ਉਹ ਗੱਲਬਾਤ ਲਈ ਜਾਣਗੇ ਜਾਂ ਨਹੀਂ।’
ਕਿਸਾਨ ਨੇਤਾਵਾਂ ਨੇ ਕਿਹਾ, ‘ਸਰਕਾਰ ਖੇਤੀਬਾੜੀ ਕਾਨੂੰਨਾਂ ਦੇ ਸਮਰਥ ਲਈ ਇੱਕ ਵੱਖਰੀ ਮੁਹਿੰਮ ਚਲਾ ਰਹੀ ਹੈ। ਉਹ ਆਪਣੇ ਕਿਸਾਨ ਸੰਗਠਨ ਬਣਾ ਕੇ ਖੁਦ ਉਨ੍ਹਾਂ ਨਾਲ ਗੱਲਬਾਤ ਕਰਦੀ ਹੈ ਅਤੇ ਕਾਨੂੰਨਾਂ ਦਾ ਸਮਰਥਨ ਦਰਸਾਉਂਦੀ ਹੈ। ਇਸ ਤਰ੍ਹਾਂ ਸਰਕਾਰ ਖੇਤੀਬਾੜੀ ਕਾਨੂੰਨਾਂ ਨੂੰ ਲੈ ਕੇ ਲੋਕਾਂ ਨੂੰ ਗੁੰਮਰਾਹ ਕਰ ਰਹੀ ਹੈ । ਉਨ੍ਹਾਂ ਕਿਹਾ, ‘ਇਸੇ ਤਰ੍ਹਾਂ ਹੁਣ ਕਿਸਾਨ ਜੱਥੇਬੰਦੀਆਂ ਪਿੰਡ-ਪਿੰਡ ਜਾ ਕੇ ਲੋਕਾਂ ਨੂੰ ਕਾਨੂੰਨ ਦੀਆਂ ਖਾਮੀਆਂ ਤੋਂ ਜਾਣੂ ਕਰਵਾਉਣਗੀਆਂ ਅਤੇ ਸਮਰਥਨ ਦੀ ਅਪੀਲ ਕਰਨਗੀਆਂ।’
ਇਸ ਸਬੰਧੀ ਕਿਸਾਨ ਆਗੂਆਂ ਨੇ ਕਿਹਾ, ‘23 ਦਸੰਬਰ ਨੂੰ ਚੌਧਰੀ ਚਰਨ ਸਿੰਘ ਦੇ ਜਨਮ ਦਿਵਸ ਮੌਕੇ ਅੰਨਾਦਾਤਾ ਦਿਵਸ ਮਨਾਇਆ ਜਾਵੇਗਾ ਅਤੇ ਇੱਕ ਸਮੇਂ ਦਾ ਖਾਣਾ ਛੱਡਿਆ ਜਾਵੇਗਾ। ਇਸਦੇ ਨਾਲ ਹੀ ਗੁਰੂ ਗੋਬਿੰਦ ਸਿੰਘ ਜੀ ਦੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਸੜਕਾਂ ‘ਤੇ ਹੀ ਸ਼ਹੀਦੀ ਦਿਵਸ ਦੇ ਰੂਪ ਵਿੱਚ ਮਨਾਉਣ ਦਾ ਫੈਸਲਾ ਲਿਆ ਹੈ। ਇਹ 23, 26 ਅਤੇ 27 ਦਸੰਬਰ ਨੂੰ ਮਨਾਇਆ ਜਾਵੇਗਾ ਅਤੇ ਇਸਦੇ ਲਈ ਕਹਾਣੀਕਾਰਾਂ ਅਤੇ ਸਿੱਖ ਚਿੰਤਕਾਂ ਨੂੰ ਬੁਲਾਇਆ ਜਾਵੇਗਾ।’